ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਸ਼ਰਾਬ ਛੱਡਣ ‘ਤੇ ਯਕੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਕਈ ਵਾਰ ਸ਼ਰਾਬ ਛੱਡਣ ਦੀ ਗੱਲ ਕਹਿ ਚੁੱਕੇ ਹਨ ਪਰ ਉਨ੍ਹਾਂ ਦੀ ਗੱਲ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਸੱਚ ਬੋਲਦੇ ਹਨ ਜਾਂ ਫਿਰ ਝੂਠ। ਸੁਖਬੀਰ ਸਿੰਘ ਬਾਦਲ ਅੱਜ ਵਰਕਰਾਂ ਨੂੰ ਮਿਲਣ ਲਈ ਅਜਨਾਲਾ ਪੁੱਜੇ ਸਨ।
ਇਸ ‘ਤੇ ਚੁਟਕੀ ਲੈਂਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜੋ ਸਾਡੇ ਕੋਲ ਪੱਕੀ ਸੂਚਨਾ ਹੈ, ਉਸ ਮੁਤਾਬਕ ਭਗਵੰਤ ਮਾਨ ਕੋਲੋਂ ਰਾਤ ਵੀ ਨਹੀਂ ਲੰਘੀ। ਭਗਵੰਤ ਮਾਨ ਪਹਿਲਾਂ ਸ਼ਰਾਬੀ ਸ਼ੇਰ ਹੈ ਜਿਸ ਬਾਰੇ ਕੇਜਰੀਵਾਲ ਸਿਫਤ ਕਰਦੇ ਹਨ।
ਯਾਦ ਰਹੇ ਭਗਵੰਤ ਮਾਨ ਨੇ ਐਤਵਾਰ ਨੂੰ ਬਰਨਾਲਾ ਵਿੱਚ ਸ਼ਰਾਬ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਬਾਦਲਾਂ, ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀਆਂ ਅੱਖਾਂ ‘ਚ ਬਹੁਤ ਰੜਕਦੇ ਹਨ। ਉਨ੍ਹਾਂ ਖ਼ਿਲਾਫ਼ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਹਨ। ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰਦੇ ਹਨ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ।
ਇਸ ਮੌਕੇ ਸੁਖਪਾਲ ਖਹਿਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਮਹਾਂਗਠਬੰਧਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਕਿਸੇ ਨੂੰ ਹੱਕ ਹੈ ਕਿ ਉਹ ਗਠਜੋੜ ਕਰੇ ਪਰ ਸੂਬੇ ਵਿੱਚ ਲੜਾਈ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੀ ਹੈ। ਉਨ੍ਹਾਂ ਕਿਹਾ ਕਿ ਮਹਾਂਗਠਬੰਧਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਸਗੋਂ ਲੋਕ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਮਾਲਵੇ ਦੇ ਕਈ ਹਲਕਿਆਂ ਵਿੱਚ ਵਰਕਰਾਂ ਨੂੰ ਮਿਲ ਚੁੱਕੇ ਹਨ। ਹੁਣ ਉਹ ਮਾਝੇ ਵਿੱਚ ਇਹ ਮੁਹਿੰਮ ਸ਼ੁਰੂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਜਨਾਲਾ ਹਲਕੇ ਵਿੱਚ ਡਾਕਟਰ ਰਤਨ ਸਿੰਘ ਅਜਨਾਲਾ ਦੀ ਬਗਾਵਤ ਮਗਰੋਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਇਚਾਰਜ ਲਾ ਦਿੱਤਾ ਹੈ। ਸਮਰਾ ਮਜੀਠੇ ਹਲਕੇ ਨਾਲ ਸਬੰਧਤ ਹਨ।