ਸੁਡਾਨ ’ਚ ਸੈਨਿਕ ਸ਼ਾਸਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਸੁਰੱਖਿਆ ਬਲਾਂ ਨੇ ਫਾਇਰਿੰਗ ਕਰ ਦਿੱਤੀ ਜਿਸ ’ਚ ਘੱਟੋ ਘੱਟ 15 ਲੋਕ ਮਾਰੇ ਗਏ। ਮੀਡੀਆ ਨੇ ਇਕ ਮਹੀਨੇ ਤੋਂ ਹੋ ਰਹੇ ਮੁਜ਼ਾਹਰਿਆਂ ’ਚ ਇਸ ਨੂੰ ਸਭ ਤੋਂ ਖ਼ਤਰਨਾਕ ਦਿਨ ਦੱਸਿਆ ਹੈ। ਮੁਜ਼ਾਹਰਾਕਾਰੀ 25 ਅਕਤੂਬਰ ਨੂੰ ਹੋਏ ਸੈਨਿਕ ਵਿਦਰੋਹ ਖ਼ਿਲਾਫ਼ ਖਾਰਤੌਮ, ਬਾਹਰੀ ਤੇ ਓਮਦੁਰਮਾਨ ਇਲਾਕਿਆਂ ’ਚ ਸੜਕਾਂ ’ਤੇ ਉਤਰੇ ਸਨ। ਮੁਜ਼ਾਹਰਾਕਾਰੀ ਨਾਗਰਿਕ ਪ੍ਰਸ਼ਾਸਨ ਬਹਾਲ ਕਰਨ ਤੇ 25 ਅਕਤੂਬਰ ਨੂੰ ਹੋਏ ਵਿਦਰੋਹ ਦੇ ਆਗੂ ਨੂੰ ਸੁਣਵਾਈ ਲਈ ਸੌਂਪਣ ਦੀ ਮੰਗ ਕਰ ਰਹੇ ਹਨ।
ਤਿੰਨਾਂ ਸ਼ਹਿਰਾਂ ’ਚ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਗੋਲ਼ੀਆਂ ਚਲਾਈਆਂ ਤੇ ਅੱਥਰੂ ਗੈਸ ਦੇ ਗੋਲ਼ੇ ਦਾਗੇ। ਮੋਬਾਈਲ ਫੋਨ ਦੇ ਸੰਪਰਕ ਭੰਗ ਕਰ ਦਿੱਤੇ ਗਏ ਸਨ। ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਜ਼ਖ਼ਮੀਆਂ ’ਚ ਮੁਜ਼ਾਹਰਾਕਾਰੀ ਤੇ ਪੁਲਿਸ ਮੁਲਾਜ਼ਮ ਦੋਵੇਂ ਸ਼ਾਮਲ ਹਨ।
ਮੁਜ਼ਾਹਰਾਕਾਰੀਆਂ ਨਾਲ ਜੁੜੇ ਸੁਡਾਨ ਦੇ ਡਾਕਟਰਾਂ ਦੀ ਕੇਂਦਰੀ ਕਮੇਟੀ ਨੇ ਕਿਹਾ ਕਿ ‘ਵਿਦਰੋਹੀ ਬਲਾਂ ਨੇ ਰਾਜਧਾਨੀ ਦੇ ਵੱਖ-ਵੱਖ ਖੇਤਰਾਂ ’ਚ ਗੋਲ਼ੀਆਂ ਦਾ ਇਸਤੇਮਾਲ ਕੀਤਾ। ਅਨੇਕਾਂ ਲੋਕ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚ ਕੁਝ ਦੀ ਹਾਲਤ ਗੰਭੀਰ ਹੈ।’ ਡਾਕਟਰਾਂ ਨੇ ਕਿਹਾ ਕਿ ਬਾਹਰੀ ਇਲਾਕਿਆਂ ’ਚ ਕਈ ਲੋਕ ਮਾਰੇ ਗਏ ਹਨ ਤੇ ਹੁਣ ਤਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਮੁਜ਼ਾਹਰਾਕਾਰੀ ਨੇ ਕਿਹਾ, ‘ਲੋਕ ਬੇਹੱਦ ਡਰੇ ਹੋਏ ਹਨ।’ ਮੁਜ਼ਾਹਰਾਕਾਰੀਆਂ ਨੇ ਸੰਘਣੇ ਬੈਰੀਕੇਡ ਤਿਆਰ ਕੀਤੇ ਸਨ ਜਿਸ ਕਾਰਨ ਸੜਕਾਂ ’ਤੇ ਆਵਾਜਾਈ ਬੰਦ ਹੋ ਗਈ ਹੈ। ਸੜਕਾਂ ਤੇ ਪੁਲ਼ਾਂ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਹਨ।