sunil joshi appointed: ਸਾਬਕਾ ਖੱਬੇ ਹੱਥ ਦੇ ਸਪਿੰਨਰ ਸੁਨੀਲ ਜੋਸ਼ੀ ਨੂੰ ਚੋਣਕਾਰਾਂ ਦਾ ਨਵਾਂ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ, ਜੱਦਕਿ ਹਰਵਿੰਦਰ ਸਿੰਘ ਨੂੰ ਵੀ ਪੰਜ ਮੈਂਬਰੀ ਪੈਨਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਬੀ.ਸੀ.ਸੀ.ਆਈ ਨੇ ਇਸ ਦੀ ਪੁਸ਼ਟੀ ਕੁਝ ਹੀ ਸਮਾਂ ਪਹਿਲਾਂ ਕੀਤੀ ਹੈ। ਸੁਨੀਲ ਜੋਸ਼ੀ ਅਤੇ ਹਰਵਿੰਦਰ ਸਿੰਘ ਪਹਿਲੇ ਤਿੰਨ ਮੈਂਬਰਾਂ ਦੀਵਾਨ ਗਾਂਧੀ, ਸਰਨਦੀਪ ਸਿੰਘ ਅਤੇ ਜਤਿਨ ਪਰਾਂਜਪੇ ਨਾਲ ਕੰਮ ਕਰਨਗੇ। ਇਨ੍ਹਾਂ ਤਿੰਨਾਂ ਦਾ ਕਾਰਜਕਾਲ ਇਸ ਸਾਲ ਦੇ ਅੰਤ ਵਿੱਚ ਖਤਮ ਹੋਣ ਵਾਲਾ ਹੈ। ਜੋਸ਼ੀ ਅਤੇ ਹਰਵਿੰਦਰ ਸਿੰਘ ਨੂੰ ਇਸ ਪੰਜ ਮੈਂਬਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸਾਬਕਾ ਭਾਰਤੀ ਕ੍ਰਿਕਟਰ ਮਦਨ ਲਾਲ, ਆਰਪੀ ਸਿੰਘ ਅਤੇ ਮਹਿਲਾ ਖਿਡਾਰੀ ਸੁਲੱਖਣਾ ਨਾਇਕ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਸੀ.ਏ.ਸੀ ਨੇ ਬੁੱਧਵਾਰ ਨੂੰ ਮੁੰਬਈ ਦੇ ਬੀ.ਸੀ.ਸੀ.ਆਈ ਹੈੱਡਕੁਆਰਟਰ ਵਿੱਚ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਦੋ ਮੈਂਬਰਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚ ਸੁਨੀਲ ਜੋਸ਼ੀ ਅਤੇ ਹਰਵਿੰਦਰ ਸਿੰਘ ਸ਼ਾਮਿਲ ਹਨ, ਜੋ ਐਮ.ਐਸ.ਕੇ ਪ੍ਰਸਾਦ ਅਤੇ ਗਗਨ ਖੋੜਾ ਦੀ ਥਾਂ ਲੈਣਗੇ। ਨਵੇਂ ਚੋਣ ਪੈਨਲ ਦਾ ਪਹਿਲਾ ਕੰਮ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਲਈ ਖਿਡਾਰੀਆਂ ਦੀ ਚੋਣ ਕਰਨਾ ਹੋਵੇਗਾ।