ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੈਜ਼ੀਡੈਂਟ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਆਪਣੇ ਤੌਰ ’ਤੇ ਸ਼ੁਰੂ ਕੀਤੇ ਗਏ ਇਕ ਕੇਸ ਦੀ 17 ਸਤੰਬਰ ਨੂੰ ਸੁਣਵਾਈ ਕਰਨ ਦੀ ਸੰਭਾਵਨਾ ਹੈ। ਦੱਸਣਾ ਬਣਦਾ ਹੈ ਕਿ ਰੈਜ਼ੀਡੈਂਟ ਡਾਕਟਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਹੜਤਾਲ ’ਤੇ ਬੈਠੇ ਹਨ, ਇਨ੍ਹਾਂ ਡਾਕਟਰਾਂ ਨੂੰ 10 ਸਤੰਬਰ ਨੂੰ ਸ਼ਾਮ 5 ਵਜੇ ਤੱਕ ਮੁੜ ਕੰਮ ’ਤੇ ਪਰਤਣ ਲਈ ਕਿਹਾ ਗਿਆ ਸੀ। ਇਸ ਕਰਕੇ ਇਹ ਸੁਣਵਾਈ ਅਹਿਮ ਮੰਨੀ ਜਾ ਰਹੀ ਹੈ। ਦੂਜੇ ਪਾਸੇ ਸੂਬਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਡਾਕਟਰਾਂਦੀ ਹੜਤਾਲ ਤੇ ਉਨ੍ਹਾਂ ਦੀ ਹਸਪਤਾਲਾਂ ਵਿਚ ਗੈਰਹਾਜ਼ਰੀ ਕਾਰਨ 9 ਸਤੰਬਰ ਤੱਕ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬਾ ਸਰਕਾਰ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਅੱਜ ਵੀ ਮੀਟਿੰਗ ਦਾ ਸੱਦਾ ਦਿੱਤਾ ਹੈ।