England beat New zealand: ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਸੀ. ਜਿਸ ਦੇ 5ਵੇਂ ਅਤੇ ਆਖਰੀ ਮੁਕਾਬਲੇ ਦੇ ਸੁਪਰ ਓਵਰ ਵਿੱਚ ਨਿਊਜ਼ੀਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਉਸ ਦੀ ਹੀ ਧਰਤੀ ‘ਤੇ 3-2 ਨਾਲ ਹਰਾ ਕੇ ਟੀ-20 ਸੀਰੀਜ਼ ਆਪਣੇ ਨਾਂ ਕਰ ਲਈ । ਦਰਅਸਲ, ਇਹ ਮੁਕਾਬਲਾ ਆਕਲੈਂਡ ਵਿੱਚ ਖੇਡਿਆ ਜਾ ਰਿਹਾ ਸੀ, ਜਿੱਥੇ ਬਾਰਿਸ਼ ਹੋਣ ਕਾਰਣ ਇਸ ਮੁਕਾਬਲੇ ਨੂੰ 11 ਓਵਰਾਂ ਦਾ ਕਰ ਦਿੱਤਾ ਗਿਆ ਸੀ ।
ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕੀਤੀ । ਨਿਊਜ਼ੀਲੈਂਡ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਮਾਰਟਿਨ ਗੁਪਟਿਲ ਨੇ 20 ਗੇਂਦਾਂ ‘ਤੇ 50 ਦੌੜਾਂ ਦੀ ਪਾਰੀ ਖੇਡੀ, ਜਦਕਿ ਮੁਨਰੋ ਨੇ 21 ਗੇਂਦਾਂ 46 ਦੌੜਾਂ ਦੀ ਤੂਫਾਨੀ ਪਾਰੀ ਖੇਡੀ । ਜਿਸ ਕਾਰਨ ਨਿਊਜ਼ੀਲੈਂਡ ਦੀ ਟੀਮ 11 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 146 ਦੌੜਾਂ ਹੀ ਬਣਾ ਸਕੀ ।
ਇਸ ਟੀਚੇ ਦਾ ਪਿੱਛ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਪਰ ਬਾਅਦ ਵਿਚ ਜਾਨੀ ਬੇਅਰਸਟੋ ਅਤੇ ਸੈਮ ਕਰਨ ਦੀ ਤੂਫਾਨੀ ਬੱਲੇਬਾਜ਼ੀ ਨਾਲ ਇਹ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ, ਜਿਸ ਵਿੱਚ ਇੰਗਲੈਂਡ ਨੇ ਇਹ ਮੁਕਾਬਲਾ ਜਿੱਤ ਕੇ ਸੀਰੀਜ਼ ‘ਤੇ 3-2 ਨਾਲ ਕਬਜਾ ਕਰ ਲਿਆ ।
ਦੱਸ ਦੇਈਏ ਕਿ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਵੀ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ, ਜੋ ਕਿ ਟਾਈ ਹੋ ਗਿਆ ਸੀ । ਜਿਸ ਤੋਂ ਬਾਅਦ ਸੁਪਰ ਓਵਰ ਕਰਵਾਇਆ ਗਿਆ, ਪਰ ਉਹ ਵੀ ਟਾਈ ਰਿਹਾ ਸੀ । ਜਿਸ ਦੇ ਬਾਅਦ ਇਸ ਮੁਕਾਬਲੇ ਦਾ ਨਤੀਜਾ ਕੱਢਣ ਲਈ ICC ਵੱਲੋਂ ਜ਼ਿਆਦਾ ਬਾਊਂਡਰੀ ਲਗਾਉਣ ਵਾਲੀ ਟੀਮ ਨੂੰ ਜੇਤੂ ਐਲਾਨਿਆ ਗਿਆ ਸੀ