22.05 F
New York, US
February 22, 2025
PreetNama
Chandigharਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੂਬੇ ਦੇ ਕਿਸਾਨਾਂ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦੇਣ ਦੀ ਵਚਨਬੱਧਤਾ ਦੁਹਰਾਈ

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿਸੂਬੇ ਵਿੱਚ ਅਨਾਜ ਦੇ ਸਟਾਕ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਭਵਿੱਖ ਵਿੱਚ ਅਨਾਜ ਦੇ ਭੰਡਾਰਨ ਵਿੱਚ ਕੋਈ ਸਮੱਸਿਆ ਨਾ ਆਵੇ ਅਤੇ ਖ਼ਰੀਦ ਪ੍ਰਕਿਰਿਆ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ।

ਇੱਥੇ ਆਪਣੀ ਸਰਕਾਰੀ ਰਿਹਾਇਸ਼ ਉਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸੀਜ਼ਨ ਦੌਰਾਨ ਸਟੋਰੇਜ ਦੀ ਘਾਟ ਕਾਰਨ ਮੰਡੀਆਂ ਵਿੱਚ ਖ਼ਰੀਦ ਤੇ ਚੁਕਾਈ ਉਤੇ ਮਾੜਾ ਪ੍ਰਭਾਵ ਪਿਆ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਵਿੱਚ 60 ਲੱਖ ਮੀਟਰਿਕ ਟਨ ਅਨਾਜ ਸਟੋਰ ਕਰਨ ਦੀ ਪ੍ਰਕਿਰਿਆ ਪਹਿਲਾ ਹੀ ਵਿੱਢੀ ਹੋਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਕੌਮੀ ਖੁਰਾਕ ਸੁਰੱਖਿਆ ਲਈ ਅਨਾਜ ਪੈਦਾ ਕਰਦਾ ਹੈ ਅਤੇ ਸੂਬਾ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਖ਼ਰੀਦ ਸੀਜ਼ਨ ਦੌਰਾਨ ਅਨਾਜ ਦੀ ਵਿਕਰੀ ਵਿੱਚ ਉਹ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦੇਵੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਸਟੋਰੇਜ ਲਈ ਢੁਕਵੀਂ ਥਾਂ ਰੱਖੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਲਗਾਤਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਸੂਬੇ ਤੋਂ ਕਣਕ ਤੇ ਚੌਲਾਂ ਨੂੰ ਤਬਦੀਲ ਕਰਨ ਵਿੱਚ ਤੇਜ਼ੀ ਲਿਆਵੇ ਤਾਂ ਜੋ ਮੌਜੂਦਾ ਸਾਉਣੀ ਸੀਜ਼ਨ ਦੇ ਚੌਲ ਅਤੇ ਆਗਾਮੀ ਹਾੜ੍ਹੀ ਸੀਜ਼ਨ 2025-26 ਦੌਰਾਨ ਕਣਕ ਦੀ ਸਟੋਰੇਜ ਲਈ ਢੁਕਵੀਂ ਥਾਂ ਮੌਜੂਦ ਰਹੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਉਣੀ ਖ਼ਰੀਦ ਸੀਜ਼ਨ 2024-25 ਦੌਰਾਨ ਸੂਬੇ ਵਿੱਚ 171.86 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਹੋਈ, ਜਿਸ ਵਿੱਚੋਂ 116.30 ਲੱਖ ਮੀਟਰਿਕ ਟਨ ਚੌਲ ਦੀ ਡਿਲਵਰੀ ਹੋਣੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 33.74 ਲੱਖ ਮੀਟਰਿਕ ਟਨ (29.02 ਫੀਸਦੀ) ਚੌਲ ਡਿਲਵਰ ਹੋਇਆ ਹੈ ਅਤੇ 31 ਮਾਰਚ 2025 ਤੱਕ 82.53 ਲੱਖ ਮੀਟਰਿਕ ਟਨ ਚੌਲ ਹੋਰ ਡਿਲਵਰ ਹੋਣਾ ਹੈ। ਉਨ੍ਹਾਂ ਕਿਹਾ ਕਿ ਐਫ.ਸੀ.ਆਈ. ਨੇ 31 ਦਸੰਬਰ 2024 ਤੱਕ 40 ਲੱਖ ਮੀਟਰਿਕ ਟਨ ਅਤੇ 31 ਮਾਰਚ 2025 ਤੱਕ 90 ਲੱਖ ਮੀਟਰਿਕ ਟਨ ਅਨਾਜ ਦੀ ਸਟੋਰੇਜ ਲਈ ਥਾਂ ਉਪਲਬਧ ਕਰਨ ਦਾ ਭਰੋਸਾ ਦਿੱਤਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ 1635 ਸਪੈਸ਼ਲਾਂ ਲਾਉਣ ਦੀ ਬੇਨਤੀ ਕੀਤੀ ਸੀ ਪਰ ਐਫ.ਸੀ.ਆਈ. ਨੇ ਫਰਵਰੀ ਮਹੀਨੇ ਤੱਕ 197 ਸਪੈਸ਼ਲ ਰੇਲ ਗੱਡੀਆਂ ਦੀ ਹੀ ਯੋਜਨਾ ਬਣਾਈ ਹੈ ਅਤੇ ਹੁਣ ਤੱਕ ਸਿਰਫ਼ 109 ਸਪੈਸ਼ਲ ਗੱਡੀਆਂ ਹੀ ਮੁਹੱਈਆ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਇਆ ਜਾਵੇਗਾ ਤਾਂ ਕਿ ਦੇਸ਼ ਦੇ ਵਡੇਰੇ ਹਿੱਤ ਵਿੱਚ ਇਹ ਮਾਮਲਾ ਛੇਤੀ ਤੋਂ ਛੇਤੀ ਹੱਲ ਹੋਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਮੋਗਾ, ਪਟਿਆਲਾ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਸਟੋਰੇਜ ਲਈ ਥਾਂ ਦੀ ਜ਼ਿਆਦਾ ਘਾਟ ਹੈ ਅਤੇ ਜ਼ਿਲ੍ਹਾ ਅਧਿਕਾਰੀਆਂ ਤੇ ਫੀਲਡ ਸਟਾਫ਼ ਨੂੰ ਬਦਲਵੇਂ ਪ੍ਰਬੰਧ/ਹੰਗਾਮੀ ਯੋਜਨਾਵਾਂ ਬਣਾਉਣ ਲਈ ਕਹਿ ਦਿੱਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਆਗਾਮੀ ਖ਼ਰੀਦ ਸੀਜ਼ਨ ਵਿੱਚ ਅਨਾਜ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਤੇ ਚੁਕਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ।

Related posts

ਕੋਰੋਨਾ ਕਾਲ ‘ਚ ਇੰਡੀਗੋ ਏਅਰਲਾਈਨ ਦਾ ਆਪਣੇ ਯਾਤਰੀਆਂ ਲਈ ਵੱਡਾ ਐਲਾਨ

On Punjab

Russia Ukraine War : ਰੂਸ ਨੇ ਮੱਧ ਤੇ ਦੱਖਣੀ ਖੇਤਰਾਂ ‘ਚ ਉਡਾਣ ‘ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਐ

On Punjab

ਅੱਤਵਾਦ ‘ਤੇ ਅਮਰੀਕੀ ਰਿਪੋਰਟ ਤੋਂ ਨਾਰਾਜ਼ ਪਾਕਿਸਤਾਨ, ਭਾਰਤ ਬਾਰੇ ਝੂਠ ਬੋਲਿਆ

On Punjab