ਚੰਡੀਗੜ੍ਹ: ਭਾਰਤ ਵਿੱਚ ਜਦੋਂ ਵੀ ਚੋਣ ਪ੍ਰਕ੍ਰਿਆ ਦੀ ਗੱਲ ਚੱਲੇਗੀ ਤਾਂ ਤਿਰੂਨੇਲਾਈ ਨਾਰਾਇਣ ਅੱਯਰ ਸੇਸ਼ਨ ਦੀ ਚਰਚਾ ਜ਼ਰੂਰ ਛਿੜੇਗੀ। ਸੇਸ਼ਨ ਨੇ 1990 ਤੋਂ 1996 ਤੱਕ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ’ਤੇ ਰਹਿੰਦਿਆਂ ਅਜਿਹੇ ਨਿਧੜਕ ਫ਼ੈਸਲੇ ਲਏ ਜਿਨ੍ਹਾਂ ਨਾਲ ਮੁਲਕ ’ਚ ਨਿਰਪੱਖ ਤੇ ਆਜ਼ਾਦ ਚੋਣਾਂ ਯਕੀਨੀ ਬਣੀਆਂ। ਇੱਕ ਵੇਲੇ ਸੀ ਜਦੋਂ ਸਿਆਸੀ ਲੀਡਰ ਸੇਸ਼ਨ ਦੇ ਨਾਂ ਤੋਂ ਕੰਬਦੇ ਸੀ।
ਕੇਰਲ ਦੇ ਪਲੱਕੜ ਜ਼ਿਲ੍ਹੇ ’ਚ ਤਿਰੂਨੇਲਾਈ ’ਚ 15 ਦਸੰਬਰ, 1932 ਨੂੰ ਜਨਮੇ ਸੇਸ਼ਨ ਨੇ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਅਰਥਾਂ ’ਚ ਲਾਗੂ ਕਰਵਾਇਆ। 86 ਵਰ੍ਹਿਆਂ ਦੇ ਸੇਸ਼ਨ ਨੇ ਐਤਵਾਰ ਰਾਤ ਸਾਢੇ 9 ਵਜੇ ਦੇ ਕਰੀਬ ਅੰਤਿਮ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਕਾਂਚੀ ਸ਼ੰਕਰ ਮੱਠ ਦੇ ਸ਼ਰਧਾਲੂ ਸੇਸ਼ਨ ਦੇ ਪਰਿਵਾਰ ’ਚ ਗੋਦ ਲਈ ਧੀ ਸ੍ਰੀਵਿਦਿਆ ਦਾ ਜਵਾਈ ਮਹੇਸ਼ ਰਹਿ ਗਿਆ ਹੈ। ਉਨ੍ਹਾਂ ਦੀ ਪਤਨੀ ਜਯਲਕਸ਼ਮੀ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਸੇਸ਼ਨ ਦੇ ਸੁਧਾਰਾਂ ਕਾਰਨ ਸਿਆਸੀ ਪਾਰਟੀਆਂ ਨੂੰ ਝਟਕਾ ਲੱਗਾ ਸੀ। ਉਂਜ ਵੋਟਰਾਂ ਨੇ ਇਸ ’ਤੇ ਤਸੱਲੀ ਜ਼ਾਹਰ ਕੀਤੀ ਸੀ। ਬਿਹਾਰ, ਯੂਪੀ ਤੇ ਹੋਰ ਸੂਬਿਆਂ ਜਿਥੇ ਜਬਰੀ ਵੋਟ ਲੁੱਟੇ ਜਾਂਦੇ ਸਨ, ਉਥੇ ਨਕੇਲ ਪਾ ਦਿੱਤੀ ਗਈ।
ਸੇਸ਼ਨ ਨੇ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ ਢੁਕਵੇਂ ਤਰੀਕੇ ਲੱਭਣੇ ਪਏ। ਉਨ੍ਹਾਂ ਦਾ ਡਰ ਇੰਨਾ ਸੀ ਕਿ ਕੋਈ ਵੀ ਪਾਰਟੀ ਜੋਖਮ ਨਹੀਂ ਲੈਣਾ ਚਾਹੁੰਦੀ ਸੀ। ਇਸ ਬਾਰੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ ਜਦੋਂ ਚੋਣ ਕਮਿਸ਼ਨਰ ਪੱਖਪਾਤ ਰਹਿਤ, ਬਹਾਦਰ ਤੇ ਨਿਡਰ ਸਨ। ਉਨ੍ਹਾਂ ’ਚੋਂ ਇੱਕ ਟੀ ਐਨ ਸੇਸ਼ਨ ਸਨ।