ਸਕੌਟਲੈਂਡ ਸੈਨੇਟਰੀ ਪ੍ਰੋਡਕਟਸ ਫਰੀ ਕਰਨ ਵਾਲਾ ਦੁਨੀਆਂ ਦਾ ਪਹਿਲਾ ਮੁਲਕ ਬਣ ਗਿਆ ਹੈ। ਸੰਸਦ ‘ਚ ਪੀਰੀਅਡ ਪ੍ਰੋਡਕਟਸ ਬਿੱਲ ਮੰਗਲਵਾਰ ਪਾਸ ਹੋ ਗਿਆ। ਕਾਨੂੰਨ ਦੇ ਤਹਿਤ ਸਾਰੇ ਜਨਤਕ ਸਥਾਨਾਂ ਨੂੰ ਪੀਰੀਅਡ ਪ੍ਰੋਡਕਟਸ ਮੁਹੱਈਆ ਕਰਾਉਣਾ ਲਾਜ਼ਮੀ ਹੋ ਗਿਆ ਹੈ।
ਸਕੌਟਲੈਂਡ ਦੀ ਮੰਤਰੀ ਨਿਕੋਲਾ ਸਟੁਜਰਨ ਨੇ ਬਿੱਲ ਪਾਸ ਹੋਣ ‘ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਟਵਿਟਰ ‘ਤੇ ਖੁਸ਼ੀ ਜ਼ਾਹਰ ਕਰਦਿਆਂ ਲਿਖਿਆ, ‘ਨਵੇਂ ਕਾਨੂੰਨ ਲਈ ਮਤਦਾਨ ਕਰਨ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਕੌਟਲੈਂਡ ਲੋੜਵੰਦਾਂ ਨੂੰ ਪੀਰੀਅਡ ਪ੍ਰੋਡਕਟਸ ਮੁਹੱਈਆ ਕਰਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਗਿਆ ਹੈ।’ ਉਨ੍ਹਾਂ ਇਸ ਬਿੱਲ ਨੂੰ ਮਹਿਲਾਵਾਂ ਤੇ ਕੁੜੀਆਂ ਲ਼ਈ ਇਕ ਮਹੱਤਵਪੂਰਨ ਨੀਤੀ ਦੱਸਿਆ। ਦੁਨੀਆਂ ‘ਚ ਜਿੱਥੇ ਮਹਿਲਾਵਾਂ ਦਾ ਪੀਰੀਅਡਸ ਸ਼ਾਇਦ ਹੀ ਕਦੇ ਮੁੱਦਾ ਬਣਦਾ ਹੈ। ਸੰਸਦ ‘ਚ ਦੋ ਘੰਟੇ ਚੱਲੀ ਬਹਿਸ ਅਸਾਧਾਰਨ ਹੈ।
ਸੰਸਦ ਮੈਂਬਰ ਨੀਲ ਫਿੰਡਲੇ ਨੇ ਮੰਨਿਆ ਕਿ ਬਿੱਲ ਦੇ ਪਾਸ ਹੋਣ ਨਾਲ ਸਿਹਤ ਦੇ ਗੰਭੀਰ ਮੁੱਦਿਆਂ ‘ਤੇ ਚਰਚਾ ਕਰਨਾ ਸੌਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਹੁਣ ਮੀਡੀਆ ਲੋਕਾਂ ‘ਚ ਬਿਨਾਂ ਕਿਸੇ ਸ਼ਰਮਿੰਦਗੀ ਤੇ ਅਸੁਵਿਧਾ ਦੇ ਇਸ ਤਰ੍ਹਾਂ ਦੇ ਮੁੱਦਿਆਂ ‘ਤੇ ਚਰਚਾ ਕਰ ਸਕੇਗਾ।
ਸਾਰਿਆਂ ਲਈ ਪੀਰੀਅਡ ਪ੍ਰੋਡਕਟਸ ਦਾ ਕਾਨੂੰਨ ਬਣ ਜਾਣ ਨਾਲ ਸਰਕਾਰ ਨੇ ਇਕ ਸਾਲ ‘ਚ 24 ਮਿਲੀਅਨ ਪਾਊਂਡਸ ਖਰਚ ਦਾ ਅੰਦਾਜ਼ਾ ਲਾਇਆ ਹੈ। ਦੋ ਸਾਲ ਪਹਿਲਾਂ ਸਕੌਟਲੈਂਡ ਨੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਪੀਰੀਅਡ ਪ੍ਰੋਡਕਟਸ ਮੁਫਤ ਮੁਹੱਈਆ ਕਰਾਉਣ ਦੀ ਸ਼ੁਰੂਆਤ ਕੀਤੀ ਸੀ।