ਮੁੰਬਈ: ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ‘ਤੇ ਵੀਰਵਾਰ ਤੜਕੇ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ਵਿਚ ਵੜ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਚਾਕੂ ਲੱਗਣ ਕਾਰਨ ਅਦਾਕਾਰ ਗੰਭੀਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਖ਼ਾਨ (54) ਨੂੰ ਇਲਾਜ ਲਈ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਡਾਕਟਰ ਉਤਮਾਨੀ ਨੇ ਕਿਹਾ, “ਸੈਫ ਨੂੰ ਛੇ ਵਾਰ ਚਾਕੂ ਮਾਰਿਆ ਗਿਆ ਸੀ। ਉਸਦੇ ਦੋ ਡੂੰਘੇ ਜ਼ਖ਼ਮ ਹਨ, ਜਿਨ੍ਹਾਂ ਵਿੱਚੋਂ ਇੱਕ ਉਸਦੀ ਰੀੜ੍ਹ ਦੀ ਹੱਡੀ ਦੇ ਨੇੜੇ ਹੈ। ਨਿਊਰੋਸਰਜਨ ਡਾ. ਨਿਤਿਨ ਡਾਂਗੇ, ਕਾਸਮੈਟਿਕ ਸਰਜਨ ਡਾ. ਲੀਨਾ ਜੈਨ ਅਤੇ ਐਨਸਥੀਜ਼ਿਆਲੋਜਿਸਟ ਡਾ. ਨਿਸ਼ਾ ਗਾਂਧੀ ਦੀ ਅਗਵਾਈ ਹੇਠ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦਾ ਅਪਰੇਸ਼ਨ ਕਰ ਰਹੀ ਹੈ।
ਸੈਫ਼ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਦੀ ਟੀਮ ਨੇ ਇੱਕ ਬਿਆਨ ਵਿੱਚ ਕਿਹਾ, “ਕੱਲ੍ਹ ਰਾਤ ਸੈਫ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖ਼ਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ।” ਸੈਫ਼ ਦੇ ਹੱਥ ‘ਤੇ ਸੱਟ ਲੱਗੀ ਹੈ ਅਤੇ ਉਹ ਇਲਾਜ ਲਈ ਹਸਪਤਾਲ ਵਿੱਚ ਹੈ। ਪਰਿਵਾਰ ਦੇ ਬਾਕੀ ਮੈਂਬਰ ਠੀਕ ਹਨ।
ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਸਬਰ ਰੱਖਣ ਅਤੇ ਕਿਆਫ਼ੇ ਨਾ ਲਗਾਉਣ ਦੀ ਬੇਨਤੀ ਕਰਦੇ ਹਾਂ। ਪੁਲੀਸ ਪਹਿਲਾਂ ਹੀ ਆਪਣੀ ਜਾਂਚ ਕਰ ਰਹੀ ਹੈ। ਤੁਹਾਡੀਆਂ ਚਿੰਤਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।”
ਸੈਫ ਅਲੀ ਖ਼ਾਨ ਦੇ ਲੋਕ ਸੰਪਰਕ ਪ੍ਰਤੀਨਿਧੀ ਨੇ ਵੀ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਘਰ ‘ਤੇ ‘ਚੋਰੀ ਦੀ ਕੋਸ਼ਿਸ਼’ ਹੋਈ ਸੀ। ਬਿਆਨ ਮੁਤਾਬਕ, “ਉਹ ਇਸ ਸਮੇਂ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਦੀ ਸਰਜਰੀ ਹੋ ਰਹੀ ਹੈ।” ਉਨ੍ਹਾਂ ਕਿਹਾ, ‘‘ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਬਰ ਰੱਖੋ। ਇਹ ਪੁਲੀਸ ਦਾ ਮਾਮਲਾ ਹੈ ਅਤੇ ਅਸੀਂ ਤੁਹਾਨੂੰ ਸਥਿਤੀ ਬਾਰੇ ਅਪਡੇਟ ਦਿੰਦੇ ਰਹਾਂਗੇ।’’
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ, ਇੱਕ ਅਣਜਾਣ ਵਿਅਕਤੀ ਸੈਫ ਅਲੀ ਖ਼ਾਨ ਦੇ ਘਰ ਵਿੱਚ ਦਾਖਲ ਹੋਇਆ ਅਤੇ ਦੋਵਾਂ ਵਿਚਕਾਰ ਝਗੜਾ ਹੋ ਗਿਆ। ਘਟਨਾ ਸਮੇਂ ਅਦਾਕਾਰ ਦੇ ਕੁਝ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਸਨ।
ਜਦੋਂ ਪੁੱਛਿਆ ਗਿਆ ਕਿ ਕੀ ਹਮਲਾਵਰ ਨੇ ਅਦਾਕਾਰ ਦੇ ਘਰ ਲੁੱਟ ਦੀ ਕੋਸ਼ਿਸ਼ ਕੀਤੀ ਸੀ, ਤਾਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੇਰਵੇ ਨਹੀਂ ਦਿੱਤੇ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।