ਮੁੰਬਈ-ਮੁੰਬਈ ਪੁਲੀਸ ਨੇ ਅੱਜ ਕਿਹਾ ਕਿ ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਤੇ ਉਸ ਦੀ ਪਤਨੀ ’ਤੇ ਹਮਲੇ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ। ਇਹ ਹਮਲਾ ਵੀਰਵਾਰ ਤੜਕੇ 2 ਵਜੇ ਅਦਾਕਾਰ ਦੇ ਬਾਂਦਰਾ ਸਥਿਤ ਘਰ ਵਿੱਚ ਹੀ ਹੋਇਆ ਸੀ। ਹਿਰਾਸਤ ਵਿੱਚ ਲਏ ਗਏ ਵਿਅਕਤੀ ਨੂੰ ਅਗਲੀ ਪੁੱਛ ਪੜਤਾਲ ਲਈ ਬਾਂਦਰਾ ਪੁਲੀਸ ਥਾਣੇ ਲਿਆਂਦਾ ਗਿਆ ਹੈ।
ਇਸ ਤੋਂਂ ਪਹਿਲਾਂ, ਮੁੰਬਈ ਪੁਲੀਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੈਫ ਦੀ ਪਿੱਠ ਵਿੱਚੋਂ ਕੱਢਿਆ ਗਿਆ ਬਲੇਡ ਦਾ ਹਿੱਸਾ ਕਬਜ਼ੇ ਵਿੱਚ ਲਿਆ ਗਿਆ ਹੈ, ਇਸ ਦੇ ਬਾਕੀ ਹਿੱਸੇ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ। ਮੁੰਬਈ ਪੁਲੀਸ ਨੇ ਇਹ ਵੀ ਕਿਹਾ ਕਿ ਸੈਫ ਅਲੀ ਖਾਨ ’ਤੇ ਹਮਲੇ ਵਿੱਚ ਸ਼ਾਮਲ ਵਿਅਕਤੀ ਨੂੰ ਆਖਰੀ ਵਾਰ ਬਾਂਦਰਾ ਪੁਲੀਸ ਥਾਣੇ ਨੇੜੇ ਦੇਖਿਆ ਗਿਆ ਸੀ ਅਤੇ ਉਸ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ।
ਪੁਲੀਸ ਨੂੰ ਸ਼ੱਕ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਵੇਰੇ ਪਹਿਲੀ ਲੋਕਲ ਰੇਲਗੱਡੀ ਫੜ ਕੇ ਵਸਾਈ ਵਿਰਾਰ ਵੱਲ ਗਿਆ ਹੋਵੇਗਾ। ਮੁੰਬਈ ਪੁਲੀਸ ਦੀਆਂ ਟੀਮਾਂ ਵਸਾਈ, ਨਾਲਾਸੁਪਾਰਾ ਤੇ ਵਿਰਾਰ ਇਲਾਕਿਆਂ ਵਿੱਚ ਮੁਲਜ਼ਮ ਦੀ ਭਾਲ ਕਰ ਰਹੀਆਂ ਹਨ।
ਮੁੰਬਈ ਪੁਲੀਸ ਨੇ ਅਦਾਕਾਰ ’ਤੇ ਹਮਲੇ ਸਬੰਧੀ ਐੱਫਆਈਆਰ ਦਰਜ ਕਰਕੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਲਏ ਹਨ। ਸ਼ਿਕਾਇਤਕਰਤਾ ਅਦਾਕਾਰ ਦੇ ਘਰ ਵਿੱਚ ਕੰਮ ਕਰਦੀ ਹੈ।