ਮੁੰਬਈ- ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੇ ਬਾਂਦਰਾ ਸਥਿਤ ਘਰ ਵਿੱਚ ਇਸ ਸਾਲ ਜਨਵਰੀ ਵਿੱਚ ਦਾਖਲ ਹੋ ਕੇ ਕਥਿਤ ਤੌਰ ’ਤੇ ਚਾਕੂ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕ ਨੇ ਜ਼ਮਾਨਤ ਲਈ ਇੱਥੋਂ ਦੀ ਇੱਕ ਅਦਾਲਤ ਦਾ ਰੁਖ਼ ਕੀਤਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ। ਸੈਸ਼ਨ ਅਦਾਲਤ ਵਿੱਚ ਦਾਇਰ ਕੀਤੀ ਇੱਕ ਪਟੀਸ਼ਨ ਵਿੱਚ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਦਾਅਵਾ ਕੀਤਾ ਕਿ ਐਫਆਈਆਰ ਬਿਲਕੁਲ ਝੂਠੀ ਹੈ ਅਤੇ ਉਸ ਖਿਲਾਫ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਸੈਸ਼ਨ ਕੋਰਟ ਵਲੋਂ ਇਸ ਮਾਮਲੇ ’ਤੇ ਪਹਿਲੀ ਅਪਰੈਲ ਨੂੰ ਸੁਣਵਾਈ ਕਰਨ ਦੀ ਉਮੀਦ ਹੈ। ਸੈਫ ਅਲੀ ਖਾਨ (54) ’ਤੇ 16 ਜਨਵਰੀ ਨੂੰ ਬਾਂਦਰਾ ਸਥਿਤ ਉਸ ਦੇ 12ਵੀਂ ਮੰਜ਼ਿਲ ਦੇ ਅਪਾਰਟਮੈਂਟ ਵਿੱਚ ਇੱਕ ਵਿਅਕਤੀ ਨੇ ਦਾਖਲ ਹੋ ਕੇ ਚਾਕੂ ਨਾਲ ਕਈ ਵਾਰ ਕੀਤੇ ਸਨ ਜਿਸ ਤੋਂ ਬਾਅਦ ਸੈਫ ਦੀ ਲੀਲਾਵਤੀ ਹਸਪਤਾਲ ਵਿੱਚ ਸਰਜਰੀ ਹੋਈ ਸੀ। ਪੁਲੀਸ ਨੇ ਹਮਲੇ ਤੋਂ ਦੋ ਦਿਨ ਬਾਅਦ ਸ਼ਰੀਫੁਲ ਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ਰੀਫੁਲ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਉਸ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਸੀ ਕਿਉਂਕਿ ਜਾਂਚ ਏਜੰਸੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 47 ਦੀ ਸਪਸ਼ਟ ਤੌਰ ’ਤੇ ਅਣਦੇਖੀ ਕੀਤੀ ਸੀ ਜੋ ਕਿਸੇ ਵਿਅਕਤੀ ਨੂੰ ਉਸ ਦੀ ਗ੍ਰਿਫਤਾਰੀ ਦੇ ਆਧਾਰਾਂ ਦੇ ਨਾਲ-ਨਾਲ ਜ਼ਮਾਨਤ ਦੇ ਅਧਿਕਾਰ ਬਾਰੇ ਸੂਚਿਤ ਕਰਨ ਨਾਲ ਸਬੰਧਤ ਹੈ।
previous post