ਮਹਾਰਾਸ਼ਟਰ ਦੇ ਮੰਤਰੀ ਰਾਣੇ ਨੇ ਸੈਫ ’ਤੇ ਹਮਲੇ ਨੂੰ ਦੱਸਿਆ ਨਾਟਕ:ਮਹਾਰਾਸ਼ਟਰ ਦੇ ਮੰਤਰੀ ਨਿਤੇਸ਼ ਰਾਣੇ ਨੇ ਅੱਜ ਕਿਹਾ ਕਿ ਜਿਸ ਤਰੀਕੇ ਸੈਫ ਅਲੀ ਖਾਨ ਹਸਪਤਾਲ ’ਚੋਂ ਬਾਹਰ ਆਇਆ, ਉਸ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਅਦਾਕਾਰ ’ਤੇ ਅਸਲ ਵਿੱਚ ਹਮਲਾ ਹੋਇਆ ਸੀ ਜਾਂ ਉਹ ਨਾਟਕ ਕਰ ਰਿਹਾ ਸੀ। ਭਾਜਪਾ ਆਗੂ ਨੇ ਕਿਹਾ ਕਿ ਪਹਿਲਾਂ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਬੰਗਲਾਦੇਸ਼ੀ ਸੜਕ ਕਿਨਾਰੇ ਪਏ ਮਿਲਦੇ ਸਨ ਪਰ ਹੁਣ ਉਹ ਘਰਾਂ ਅੰਦਰ ਵੜ ਜਾਂਦੇ ਹਨ। ਉਨ੍ਹਾਂ ਕਿਹਾ, ‘ਹੋ ਸਕਦਾ ਹੈ ਕਿ ਬੰਗਲਾਦੇਸ਼ੀ ਘੁਸਪੈਠੀਆ ਉਸ (ਸੈਫ) ਨੂੰ ਨਾਲ ਲਿਜਾਣਾ ਚਾਹੁੰਦਾ ਹੋਵੇ।’ ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਕਿਸੇ ‘ਖਾਨ’ ’ਤੇ ਹਮਲਾ ਹੁੰਦਾ ਹੈ ਤਾਂ ਹਰ ਕੋਈ ਬੋਲਦਾ ਹੈ ਪਰ ਜਦੋਂ ਕਿਸੇ ਹਿੰਦੂ ਅਦਾਕਾਰ ’ਤੇ ਹਮਲਾ ਹੁੰਦਾ ਹੈ ਤਾਂ ਕੋਈ ਨਹੀਂ ਬੋਲਦਾ। ਇਸ ਦੌਰਾਨ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਬਜਾਏ ‘ਧਾਰਮਿਕ ਵੰਡੀਆਂ’ ਪਾ ਰਹੀ ਹੈ।

ਸੈਫ਼ ’ਤੇ ਹਮਲੇ ਵੇਲੇ ਟੁੰਨ ਸੀ ਕਰੀਨਾ:ਸੈਫ ਅਲੀ ਖਾਨ ’ਤੇ ਚਾਕੂ ਨਾਲ ਹੋਏ ਹਮਲੇ ਪਿਛਲੇ ਕਈ ਵੇਰਵੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸੂਤਰਾਂ ਮੁਤਾਬਕ ਜਦੋਂ ਸੈਫ ’ਤੇ ਹਮਲਾ ਹੋਇਆ ਉਦੋਂ ਉਸ ਦੀ ਪਤਨੀ ਅਦਾਕਾਰਾ ਕਰੀਨਾ ਕਪੂਰ ਸ਼ਰਾਬ ਦੇ ਨਸ਼ੇ ਵਿੱਚ ਸੀ। ਉਹ ਆਪਣੀ ਦੋਸਤ ਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਕਰੀਨਾ ਘਰ ਆਈ, ਉਹ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਜੇ ਅਜਿਹੇ ਵਿੱਚ ਉਹ ਹਸਪਤਾਲ ਜਾਂ ਪੁਲੀਸ ਕੋਲ ਜਾਂਦੀ ਤਾਂ ਉਸ ’ਤੇ ਕਈ ਸਵਾਲ ਉੱਠਦੇ ਅਤੇ ਉਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਮੀਡੀਆ ’ਚ ਆ ਜਾਂਦੀਆਂ। ਇਸ ਲਈ ਉਸ ਨੇ ਖੁਦ ਬਾਹਰ ਨਾ ਆਉਣ ਦਾ ਫ਼ੈਸਲਾ ਕੀਤਾ। ਘਟਨਾ ਤੋਂ ਬਾਅਦ ਉਹ ਆਪਣੀ ਭੈਣ ਅਦਾਕਾਰਾ ਕਰਿਸ਼ਮਾ ਕਪੂਰ ਦੇ ਘਰ ਚਲੀ ਗਈ ਸੀ। ਸੈਫ ’ਤੇ ਹਮਲੇ ਤੋਂ ਬਾਅਦ ਡਿਊਟੀ ’ਤੇ ਤਾਇਨਾਤ ਪੁਲੀਸ ਇਸੰਪੈਕਟਰ (ਪੀਆਈ) ਨੇ ਜਾਂਚ ਸ਼ੁਰੂ ਕੀਤੀ ਅਤੇ ਅਗਲੇ ਦਿਨ ਇਹ ਮਾਮਲਾ ਕ੍ਰਾਈਮ ਪੀਆਈ ਨੂੰ ਸੌਂਪ ਦਿੱਤਾ ਗਿਆ।