ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ, ਜੋ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਰਹੀਆਂ ਹਨ । ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਰਸੋਈ ਦਾ ਪੂਰਾ ਬਜਟ ਹਿਲਾ ਕੇ ਰੱਖ ਦਿੱਤਾ ਹੈ । ਪਿਆਜ਼ਾਂ ਦੀਆਂ ਵਧਦੀਆਂ ਕੀਮਤਾਂ ਦੇ ਚਲਦਿਆਂ ਚੋਰ ਹੁਣ ਘਰ ਦੇ ਕਿਸੇ ਸਾਮਾਨ ਜਾਂ ਸੋਨੇ-ਚਾਂਦੀ ਦੀ ਥਾਂ ਪਿਆਜ਼ ਚੋਰੀ ਕਰਨ ਲੱਗ ਪਏ ਹਨ । ਅਜਿਹਾ ਚੋਰੀ ਦਾ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰਿਛਾ ਪਿੰਡ ਵਿਚ ਇਕ ਕਿਸਾਨ ਦੇ ਖੇਤਾਂ ਵਿਚੋਂ ਪਿਆਜ਼ ਦੀ ਫਸਲ ‘ਤੇ ਹੀ ਚੋਰਾਂ ਨੇ ਹੱਥ ਸਾਫ ਕਰ ਦਿੱਤਾ ।ਚੋਰੀ ਦੀ ਇਸ ਘਟਨਾ ਤੋਂ ਬਾਅਦ ਖੇਤ ਮਾਲਿਕ ਕਿਸਾਨ ਜਿਤੇਂਦਰ ਧਨਗਰ ਵੱਲੋਂ ਨਾਰਾਇਣਗੜ੍ਹ ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ. ਜਿਸ ਵਿੱਚ ਉਸਨੇ ਦੱਸਿਆ ਕਿ ਉਸ ਦੇ ਖੇਤ ਵਿਚੋਂ ਲਗਭਗ 6 ਕੁਇੰਟਲ ਪਿਆਜ਼ ਚੋਰੀ ਹੋ ਗਿਆ ਹੈ । ਇਸ ਸਬੰਧੀ ਕਿਸਾਨ ਨੇ ਦੱਸਿਆ ਕਿ ਉਸਨੇ 1.6 ਏਕੜ ਜ਼ਮੀਨ ਵਿੱਚ ਪਿਆਜ਼ ਲਗਾਏ ਸਨ ।
ਜ਼ਿਕਰਯੋਗ ਹੈ ਕਿ ਰਿਟੇਲ ਮਾਰਕਿਟ ਵਿੱਚ ਪਿਆਜ਼ ਦੀ ਕੀਮਤ 100 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ । ਪਿਆਜ਼ ਦੀਆਂ ਕੀਮਤਾਂ ਵਿੱਚ ਲੈਟਰ ਹੋ ਰਹੇ ਵਾਧੇ ਕਾਰਨ ਮੱਧ ਪ੍ਰਦੇਸ਼ ਸਰਕਾਰ ਵੱਲੋਂ ਨਾਜਾਇਜ਼ ਜਮਾਂਖੋਰੀ ਵਿਰੁੱਧ ਸਖਤ ਕਦਮ ਚੁੱਕੇ ਜਾ ਰਹੇ ਹਨ । ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ ਵਿੱਚੋਂ ਕੁੱਝ ਲੋਕ 20 ਲੱਖ ਰੁਪਏ ਦੀ ਕੀਮਤ ਦੇ ਪਿਆਜ਼ਾਂ ਨਾਲ ਲੱਦਿਆ ਇੱਕ ਟਰੱਕ ਲੈ ਕੇ ਫਰਾਰ ਹੋ ਗਏ ਸਨ ।ਦੱਸ ਦੇਈਏ ਕਿ ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਦੀ ਗੂੰਜ ਸੰਸਦ ਵਿੱਚ ਵੀ ਸੁਣਾਈ ਦੇ ਰਹੀ ਹੈ । ਇਸ ਦੌਰਾਨ ਜਮਾਂਖੋਰੀ ‘ਤੇ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪਿਆਜ਼ ਦੇ ਥੋਕ ਤੇ ਫੁਟਕਰ ਵਪਾਰੀਆਂ ਲਈ ਸਟਾਕ ਸੀਮਾ 50 ਫੀਸਦੀ ਘਟਾ ਕੇ ਲੜੀਵਾਰ 25 ਟਨ ਅਤੇ 5 ਟਨ ਕਰ ਦਿੱਤੀ ਹੈ ।