ਅੱਜ ਕਾਂਗਰਸ ਦੀ ਇਹ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੀਟਿੰਗ ਕੀਤੀ। ਕੋਰੋਨਾ ਦੀ ਤਾਜ਼ਾ ਸਥਿਤੀ ’ਤੇ ਸੋਨੀਆ ਗਾਂਧੀ ਨੇ ਲੋਕ ਸਭਾ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇਕ ਵਾਰ ਫਿਰ ਸੋਨੀਆ ਗਾਂਧੀ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਮੋਦੀ ਸਰਕਾਰ ਨਾਕਾਮ ਸਾਬਿਤ ਹੋਈ ਹੈ।
ਸੂਤਰਾਂ ਅਨੁਸਾਰ ਬੈਠਕ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਅਹਿਮਦ ਪਟੇਲ, ਮੋਤੀਲਾਲ ਵੋਹਰਾ, ਤਰੁਣ ਗੋਗੋਈ ਸਣੇ ਸੰਸਦ ਦੇ ਸਾਰੇ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਦੱਸ ਦਈਏ ਕਿ ਬੈਠਕ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ, ਜਿਸ ’ਚ ਨਵੀਂ ਕੋਰੋਨਾ ਟੀਕਾਕਰਨ ਨੀਤੀ ਨੂੰ ਪੱਖਪਾਤੀ ਦੱਸਿਆ ਸੀ। ਪੱਤਰ ’ਚ ਲਿਖਿਆ ਸੀ, ‘ਇਹ ਹੈਰਾਨੀਜਨਕ ਹੈ ਕਿ ਪਿਛਲੇ ਸਾਲ ਦੇ ਕਠੋਰ ਸਬਕ ਤੋਂ ਬਾਅਦ ਵੀ ਸਰਕਾਰ ਇਕ ਮਨਮਾਨੀ ਤੇ ਪੱਥਪਾਤੀ ਨੀਤੀ ਦਾ ਪਾਲਣ ਕਰ ਰਹੀ ਹੈ, ਜੋ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਦਾਅਵਾ ਕਰਦੀ ਹੈ।