ਨਵੀਂ ਦਿੱਲੀ: ਸੋਨੀਆ ਗਾਂਧੀ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਅੱਜ ਕਾਂਗਰਸ ਦੀ ਵੱਡੀ ਬੈਠਕ ਹੋਈ। ਬੈਠਕ ਵਿੱਚ ਸੋਨੀਆ ਗਾਂਧੀ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਚਿੰਤਾਜਨਕ ਦੱਸਦੇ ਹੋਏ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਆਰਥਿਕ ਸਥਿਤੀ ਤੋਂ ਦੇਸ਼ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੈਠਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪ੍ਰਿਅੰਕਾ ਗਾਂਧੀ ਸਮੇਤ ਕਾਂਗਰਸ ਦੇ ਸਾਰੇ ਦਿੱਗਜ ਨੇਤਾ ਮੌਜੂਦ ਸਨ, ਪਰ ਰਾਹੁਲ ਗਾਂਧੀ ਇਸ ਬੈਠਕ ਵਿੱਚ ਨਹੀਂ ਪਹੁੰਚੇ।
ਸੋਨੀਆ ਗਾਂਧੀ ਨੇ ਸਰਕਾਰ ‘ਤੇ ਆਰਥਿਕ ਸਥਿਤੀ ‘ਤੇ ਧਿਆਨ ਦੇਣ ਦੀ ਬਜਾਏ ਬਦਲੇ ਦੀ ਭਾਵਨਾ ਨਾਲ ਸਿਆਸਤ ਕਰਨ ਦਾ ਵੀ ਇਲਜ਼ਾਮ ਲਾਇਆ। ਉਨ੍ਹਾਂ ਕਿਹਾ, ‘ਆਰਥਿਕ ਸਥਿਤੀ ਗੰਭੀਰ ਹੈ, ਘਾਟਾ ਵਧ ਰਿਹਾ ਹੈ ਤੇ ਲੋਕਾਂ ਦਾ ਵਿਸ਼ਵਾਸ ਡੋਲ ਰਿਹਾ ਹੈ। ਵਿੱਤੀ ਘਾਟੇ ਕਾਰਨ ਲੋਕਾਂ ਦਾ ਧਿਆਨ ਮੋੜਨ ਲਈ ਸਰਕਾਰ ਸਿਰਫ ਬਦਲਾ ਲੈਣ ਦੀ ਸਿਆਸਤ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਖ਼ਤਰੇ ਵਿੱਚ ਹੈ।
ਵਰਕਰਾਂ ਨੂੰ ਕਾਂਗਰਸ ਦੇ ਲੀਡਰਾਂ ਉੱਤੇ ਹਮਲਾਵਰ ਰੁਖ ਅਪਣਾਉਣ ਦੀ ਸਲਾਹ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ, ‘ਕਾਂਗਰਸ ਨੂੰ ਹਮਲਾਵਰ ਰੁਖ ਅਪਣਾਉਣਾ ਪਏਗਾ। ਸਿਰਫ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਨਾਲ ਕੰਮ ਨਹੀਂ ਚੱਲੇਗਾ, ਸਾਨੂੰ ਹੋਰ ਬਿਹਤਰ ਕਰਨਾ ਪਏਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੋਕਾਂ ਵਿੱਚ ਜਾਣਾ ਹੋਏਗਾ।’ ਉਨ੍ਹਾਂ ਕਿਹਾ ਕਿ ਕੁਝ ਸਮੇਂ ਲਈ ਵਿੱਚ-ਵਿਚਾਲੇ ਅੰਤਰਾਲ ਆ ਗਿਆ ਸੀ, ਪਰ ਹੁਣ ਸਾਡੀ ਤਾਕਤ ਦਾ ਇਮਤਿਹਾਨ ਹੈ।