47.37 F
New York, US
November 21, 2024
PreetNama
ਸਮਾਜ/Social

ਸੋਸ਼ਲ ਮੀਡੀਆ ਨੇ ਪੜ੍ਹਨ-ਲਿਖਣ ਦੀ ਰੁਚੀ ਖੋਹੀ – ਪ੍ਰੋ. ਨਰਿੰਜਨ ਸਿੰਘ ਤਸਨੀਮ

ਬਰਿੰਦਰ ਕੌਰ – ਪ੍ਰੋ. ਨਰਿੰਜਨ ਸਿੰਘ ਤਸਨੀਮ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਹਨ। ਜਿਨ੍ਹਾਂ ਪੰਜਾਬੀ ਸਮਾਜ ਅੰਦਰ ਬਦਲੀਆਂ ਤੇ ਬਦਲ ਰਹੀਆਂ ਇਨਸਾਨੀ ਕਦਰਾਂ-ਕੀਮਤਾਂ, ਮਾਨਵੀ ਰਿਸ਼ਤਿਆਂ ਅਤੇ ਸ਼ਹਿਰੀ ਜੀਵਨ ਦੇ ਹਰ ਨਕਸ਼ ਨੂੰ ਮਨੋਵਿਗਿਆਨਕ ਢੰਗ ਨਾਲ ਚਿਤਰਿਆ ਹੈ। ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਬੇਮਿਸਾਲ ਸਾਹਿਤਕ ਰਚਨਾਵਾਂ ਸਦਕਾ ਹਰਮਨਪਿਆਰਤਾ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ। ਹੁਣ ਜਦ ਕਿ ਪ੍ਰੋਫੈਸਰ ਤਸਨੀਮ ਆਪਣੀਆਂ ਵਿਲੱਖਣ ਸਾਹਿਤਕ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ, ਉਮਰ ਦੇ ਨੱਬਵੇਂ ਦਹਾਕੇ ‘ਚ ਪ੍ਰਵੇਸ਼ ਕਰ ਚੁੱਕੇ ਹਨ ਤਾਂ ਉਨ੍ਹਾਂ ਦੀ ਬੇਟੀ ਵਲੋਂ ਉਨ੍ਹਾਂ ਨਾਲ ਕੀਤੀ ਇਕ ਮੁਲਾਕਾਤ ਪਾਠਕਾਂ ਦੀ ਨਜ਼ਰ ਹੈ :

ਤਸਨੀਮ ਸਾਹਿਬ ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ?

ਮੇਰਾ ਜਨਮ ਇਕ ਮਈ 1929 ਨੂੰ ਤਰਨਤਾਰਨ ਮੇਰੇ ਨਾਨਕੇ ਸ਼ਹਿਰ ਹੋਇਆ। ਮੇਰੇ ਮਾਤਾ ਜੀ ਦਾ ਨਾਂ ਸੀਤਾ ਵੰਤੀ ‘ਤੇ ਪਿਤਾ ਜੀ ਦਾ ਨਾਂ ਕਰਮ ਸਿੰਘ ਸੀ। ਵੈਸੇ ਉਸ ਸਮੇਂ ਮੇਰੇ ਮਾਤਾ-ਪਿਤਾ ਜੀ ਅੰਮ੍ਰਿਤਸਰ ਰਹਿੰਦੇ ਸਨ। ਅਸੀਂ ਸੱਤ ਭੈਣ ਭਰਾ ਹਾਂ ਤੇ ਮੈਂ ਸਭ ਤੋਂ ਵੱਡਾ।

ਤੁਸੀਂ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ?

ਦਸਵੀਂ ਬੀ.ਕੇ. ਹਾਈ ਸਕੂਲ ਅੰਮ੍ਰਿਤਸਰ, ਹਿੰਦੂ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏੇਸ਼ਨ ਤੇ ਐੱਮ.ਏ. ਇੰਗਲਿਸ਼ ਮੈਂ ਪ੍ਰਾਈਵੇਟਲੀ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ।

ਛੁੱਟੀਆਂ ਵਿਚ ਤੁਸੀਂ ਕਿੱਥੇ ਜਾਣਾ ਪਸੰਦ ਕਰਦੇ ਸੀ?

ਉਸ ਵਕਤ ਛੁੱਟੀਆਂ ਦਾਦਕੇ ਜਾਂ ਨਾਨਕੇ ਪਰਿਵਾਰ ਵਿਚ ਜਾ ਕੇ ਬਿਤਾਈਆਂ ਜਾਂਦੀਆਂ ਸਨ। ਮੈਂ ਜ਼ਿਆਦਾ ਸਮਾਂ ਨਾਨਕੇ ਤਰਨ ਤਾਰਨ ਹੀ ਬਿਤਾਉਂਦਾ ਸੀ ਕਿਉਂਕਿ ਉੱਥੇ ਨਾਨੀ ਜੀ ਦਾ ਬਹੁਤ ਲਾਡ ਪਿਆਰ ਮਿਲਦਾ ਸੀ।

ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ?

ਜਦੋਂ ਮੈਂ ਕਾਲਜ ਵਿਚ ਸੀ ਤਾਂ ਉਦੋਂ ਕਾਲਜ ਦੇ ਮੈਗਜ਼ੀਨ ਦਾ ਐਡੀਟਰ ਸਾਂ। ਉਸ ਵਕਤ ਮੈਂ ਕੁਝ ਆਰਟੀਕਲ ਲਿਖੇ ਜੋ ਕਾਫ਼ੀ ਪਸੰਦ ਕੀਤੇ ਗਏ। ਇਹ ਚੇਟਕ ਮੈਨੂੰ ਆਪਣੇ ਤਾਇਆ ਜੀ ਪੂਰਨ ਸਿੰਘ ‘ਹੁਨਰ’ ਤੇ ਚਾਚਾ ਜੀ ‘ਕੌਸਰ’ ਸਾਹਿਬ ਤੋਂ ਲੱਗੀ।

ਤੁਹਾਡਾ ਬੀ.ਏ. ਤੋਂ ਬਾਅਦ ਦਾ ਸਫ਼ਰ?

ਬੀ.ਏ. ਮੈਂ ਹਿੰਦੂ ਕਾਲਜ ਤੋਂ ਫਸਟ ਡਵੀਜ਼ਨ ‘ਚ ਪਾਸ ਕੀਤੀ ਤੇ ਫੇਰ ਨੌਕਰੀ ਦੀ ਤਲਾਸ਼ ਵਿਚ ਮੈਂ ਦਿੱਲੀ ਚਲਾ ਗਿਆ। ਇਕ ਟਰੰਕ ਤੇ ਇਕ ਸਾਈਕਲ ਲੈ ਕੇ। ਉੱਥੇ ਮੈਂ ਕਈ ਥਾਵਾਂ ‘ਤੇ ਇੰਟਰਵਿਊਜ਼ ਦਿੱਤੀਆਂ ਪਰ ਕਾਮਯਾਬੀ ਨਾ ਮਿਲੀ। ਏਸ ਦੌਰਾਨ ਮੈਂ ਦੋ ਵਾਰੀ ਸ਼ਿਮਲਾ ਜਾ ਕੇ ਨੌਕਰੀ ਦੀ ਕੋਸ਼ਿਸ਼ ਕੀਤੀ ਪਰ ਉੱਥੇ ਵੀ ਗੱਲ ਨਾ ਬਣੀ। ਇਕ ਵਾਰੀ ਹਾਈ ਕੋਰਟ ਵਿਚ ਤੇ ਦੂਸਰੀ ਵਾਰੀ ਕਿਸੇ ਹੋਰ ਦਫ਼ਤਰ ਵਿਚ। ਮੈਂ ਬੀ.ਏ. ਫਸਟ ਕਲਾਸ ਸੀ, ਇਸ ਲਈ ਸੋਚਿਆ ਦਿੱਲੀ ਜਾ ਕੇ ਈਵਨਿੰਗ ਕਾਲਜ ਜੁਆਇਨ ਕਰ ਕੇ ਐੱਮ. ਏ. ਇੰਗਲਿਸ਼ ਕੀਤੀ ਜਾਵੇ। ਉਨ੍ਹਾਂ ਹੀ ਦਿਨਾਂ ਵਿਚ ਇਕ ਹੋਰ ਇੰਟਰਵਿਊ ਆ ਗਈ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਹੁਣ ਮੈਂ ਨਹੀਂ ਜਾਣਾ, ਪਰ ਉਸ ਦੇ ਕਹਿਣ ‘ਤੇ ਮੈਂ ਚਲਿਆ ਗਿਆ, ਸਿਲੈਕਟ ਹੋ ਗਿਆ ਤੇ ਕਈ ਸਾਲ ਟਿਕਿਆ ਰਿਹਾ। ਸ਼ਿਮਲਾ ਇਕ ਤਰ੍ਹਾਂ ਨਾਲ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ ਹੈ। ਕੁਝ ਕਰੋ, ਕੁਝ ਬਣੋ, ਕੁਝ ਕਰ ਕੇ ਦਿਖਾਓ ਵਾਲਾ ਜਜ਼ਬਾ ਸੀ..ਤਬਦੀਲੀ ਖ਼ੁਸ਼ਗਵਾਰ ਸੀ।

ਸ਼ਿਮਲਾ ਪਹੁੰਚ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ?

ਮੈਨੂੰ ਲੱਗਿਆ ਕਿ ਇਹ ਉਹ ਥਾਂ ਹੈ ਜਿਸ ਦੀ ਮੈਨੂੰ ਤਲਾਸ਼ ਸੀ। ਖੁੱਲ੍ਹਾ ਮਾਹੌਲ, ਖ਼ੂਬਸੂਰਤ ਮੌਸਮ, ਇਕ ਨਵੀਂ ਹੀ ਦੁਨੀਆ ਸੀ। ਮੇਰਾ ਮਨ ਟਿਕ ਗਿਆ। ਪੰਜਾਬ ਦੀ ਰਾਜਧਾਨੀ ਸ਼ਿਮਲਾ ਸੀ। ਮੈਨੂੰ ਲੱਗਾ ਮੈਂ ਠੀਕ ਥਾਂ ‘ਤੇ ਆ ਗਿਆ ਹਾਂ। ਇਹ ਮਾਹੌਲ ਮੈਨੂੰ ਚੰਗਾ ਲੱਗਾ। ਸਟਰਗਲ ਤਾਂ ਕਰਨੀ ਪਈ।

ਕੀ ਤੁਹਾਡਾ ਸਾਹਿਤਕ ਸਫ਼ਰ ਸਹੀ ਮਾਅਨਿਆਂ ‘ਚ ਸ਼ਿਮਲੇ ਜਾ ਕੇ ਹੀ ਸ਼ੁਰੂ ਹੋਇਆ, ਕਿਉਂਕਿ ਤੁਹਾਡੇ ਸ਼ੁਰੂ ਵਾਲੇ ਨਾਵਲਾਂ ‘ਪਰਛਾਵੇਂ’, ‘ਰੇਤ ਛਲ’,’ਕਸਕ’ ‘ਤ੍ਰੇੜਾਂ ਤੇ ਰੂਪ’ ਵਿਚ ਇਹ ਪ੍ਰਭਾਵ ਸਾਫ਼ ਝਲਕਦਾ ਹੈ?

ਬਿਲਕੁਲ, ਮੈਂ ਸਭ ਤੋਂ ਪਹਿਲਾਂ ਇਕ ਕਹਾਣੀ ਉਰਦੂ ਵਿਚ ਲਿਖੀ ਜਿਸ ਦਾ ਨਾਂ ਸੀ,’ਸੋਗਵਾਰ’। ਇਹੀ ਕਹਾਣੀ ਫੇਰ ਪੰਜਾਬੀ ਨਾਵਲ ‘ਪਰਛਾਵੇਂ’ ਦਾ ਰੂਪ ਹੋ ਗਈ। ਮੈਨੂੰ ਸੱਚਮੁੱਚ ਸ਼ਿਮਲਾ ਬਹੁਤ ਪਸੰਦ ਹੈ ਤੇ ਮੇਰਾ ਵਾਰ-ਵਾਰ ਉੱਥੇ ਜਾਣ ਨੂੰ ਦਿਲ ਕਰਦਾ ਹੈ। ਉੱਥੇ ਮੈਂ ਪਹਿਲੇ ਦੋ ਨਾਵਲ ਲਿਖੇ ਉਰਦੂ ਵਿਚ, ਬਾਅਦ ‘ਚ ਇਹ ਦੋਵੇਂ ਨਾਵਲ ਮੈਂ ਪੰਜਾਬੀ ਵਿਚ ਅਨੁਵਾਦ ਕੀਤੇ ਜੋ ਬਹੁਤ ਪਸੰਦ ਕੀਤੇ ਗਏ।

ਆਪਣੇ ਪਰਿਵਾਰ ਬਾਰੇ ਕੁਝ ਦੱਸੋ?

ਮੇਰਾ ਵਿਆਹ ਅੰਮ੍ਰਿਤਸਰ ਵਿਖੇ ਹੋਇਆ। ਕੈਲਾਸ਼ ਕੌਰ ਮੇਰੇ ਹਮਸਫ਼ਰ ਨੇ। ਮੇਰੀਆਂ ਦੋ ਬੇਟੀਆਂ ਬਰਿੰਦਰ ਕੌਰ ਤੇ ਹਰਿੰਦਰ ਕੌਰ ਹਨ ਤੇ ਬੇਟਾ ਗੁਰਿੰਦਰਜੀਤ ਸਿੰਘ ਨਾਮਵਰ ਡਾਕਟਰ ਹੈ।

ਜਦੋਂ ਤੁਹਾਨੂੰ ਯਾਨਿ ਤੁਹਾਡੀਆਂ ਰਚਨਾਵਾਂ ਨੂੰ ਪੁਰਸਕਾਰ ਮਿਲੇ ਤੁਹਾਨੂੰ ਕਿੰਜ ਮਹਿਸੂਸ ਹੋਇਆ?

ਬਹੁਤ ਖ਼ੁਸ਼ੀ ਹੋਈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਕਦੀ ਵੀ ਕਿਸੇ ਵੀ ਇਨਾਮ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਆਪਣੇ ਆਪ ਸੁਭਾਵਿਕ ਹੀ ਮੇਰੀ ਝੋਲੀ ਪਏ ਇਸ ਗੱਲ ਦੀ ਮੈਨੂੰ ਤਸੱਲੀ ਹੈ।

ਸੇਵਾ-ਮੁਕਤੀ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਤੋਂ ਜਦ ਤੁਹਾਨੂੰ ਫੈਲੋਸ਼ਿਪ ਲਈ ਸੱਦਾ ਆਇਆ ਤੇ ਕਈ ਸਾਲਾਂ ਦੇ ਵਕਫੇ ਬਾਅਦ ਦੁਬਾਰਾ ਸ਼ਿਮਲੇ ਜਾਣ ਦਾ ਮੌਕਾ ਮਿਲਿਆ ਤਾਂ ਤੁਹਾਨੂੰ ਕਿੰਝ ਲੱਗਾ?

ਅਸਲ ਵਿਚ ਸ਼ਿਮਲਾ ਮੈਨੂੰ ਬਹੁਤ ਪਸੰਦ ਹੈ। ਉੱਥੇ ਮੈਨੂੰ ਵਧੀਆ ਮਾਹੌਲ ਮਿਲਿਆ। ਬਹੁਤ ਵੱਡੀ ਲਾਇਬ੍ਰੇਰੀ, ਸ਼ਾਂਤੀ ਤੇ ਖ਼ੂਬਸੂਰਤ ਵਾਤਾਵਰਨ। ਉੱਥੇ ਮੈਂ ਦੋ ਸਾਲ ਗੁਜ਼ਾਰੇ। ਵੀਹ ਸਾਲ ਦੇ ਵਕਫ਼ੇ ਬਾਦ ਮੈਂ ਦੋਬਾਰਾ ਉੱਥੇ ਰਿਹਾ। ਮਾਹੌਲ ਖ਼ੁਸ਼ਗਵਾਰ ਹੋਣ ਕਰਕੇ ਸ਼ਿਮਲੇ ਮੈਂ ਵੱਧ ਕ੍ਰੀਏਟਿਵ ਹੋ ਜਾਂਦਾ ਹਾਂ। ਸ਼ੁਰੂ ਵਾਲੇ ਦਿਨਾਂ ‘ਚ ਜਾ ਕੇ ਲਿਖਣ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ। ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹਨੀਆਂ, ਰਾਤੀਂ ਜਾਗ-ਜਾਗ ਕੇ ਕੰਬਲ ਦੀ ਬੁੱਕਲ ਮਾਰਕੇ ਬੈਠਣਾ। ਐਡਵਾਂਸ ਸਟੱਡੀ ਇੰਸਟੀਚਿਊਟ ਵਿਚ ਮੈਂ ਇਕ ਕਿਤਾਬ ਲਿਖੀ ਜਿਹੜੀ ਬੜੀ ਪਾਪੂਲਰ ਹੋਈ। ਕਿਤਾਬ ਦਾ ਨਾਂ ਹੈ,’ਪੰਜਾਬੀ ਨਾਵਲ ਵਿਚ ਵੱਖਰੀਆਂ-ਵੱਖਰੀਆਂ ਤਕਨੀਕਾਂ ਵਰਤੀਆਂ ਜਾਣ’। ਉੱਥੇ ਜਾ ਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਪੜ੍ਹਨ ਦੇ ਨਾਲ-ਨਾਲ ਲਿਖਣਾ ਵੀ ਜ਼ਰੂਰੀ ਹੈ। ਮੈਨੂੰ ਇੰਜ ਲੱਗਦੇ ਕਿ ਮੈਂ ਜ਼ਿੰਦਗੀ ਵਿਚ ਜੋ ਹਾਸਿਲ ਕਰਨਾ ਚਾਹੁੰਦਾ ਸੀ ਕਰ ਲਿਐ। ਮੇਰੀ ਤਮੰਨਾ ਸੀ ਕਿ ਮੈਂ ਲਿਟਰੇਰੀ ਮਾਹੌਲ ਨਾਲ ਏਨਾ ਜੁੜ ਜਾਵਾਂ ਕਿ ਮੇਰਾ ਨਾਂ ਬਣ ਜਾਵੇ ਤੇ ਹੋਇਆ ਵੀ ਇਸੇ ਤਰ੍ਹਾਂ ਹੀ। ਮੇਰੀ ਐਸੀ ਕੋਈ ਤਮੰਨਾ ਨਹੀਂ ਜੋ ਪੂਰੀ ਨਹੀਂ ਹੋਈ। ਮੈਨੂੰ ਹੈਰਾਨੀ ਹੁੰਦੀ ਹੈ ਕਿ ਆਲੋਚਕਾਂ ਨੂੰ ਹੁਣ ਵੀ ਮੇਰੇ ਨਾਵਲਾਂ ਵਿੱਚੋਂ ਨਵੀਆਂ ਗੱਲਾਂ ਲੱਭਦੀਆਂ ਨੇ। ਮੈਨੂੰ ਲੱਗਦੈ ਜਿਹੜੇ ਆਈਡੀਆਜ਼ ਮੈਂ ਦਿੱਤੇ ਨੇ ਉਨ੍ਹਾਂ ‘ਤੇ ਸਮਕਾਲੀ ਆਲੋਚਕ ਹਾਲੇ ਵੀ ਵਿਚਾਰ ਕਰ ਰਹੇ ਨੇ। ਇਸ ‘ਤੇ ਮੈਨੂੰ ਫ਼ਖ਼ਰ ਮਹਿਸੂਸ ਹੁੰਦੈ।

ਤੁਸੀਂ ਕਿਸ ਤਰ੍ਹਾਂ ਦੇ ਮਾਹੌਲ ਵਿਚ ਲਿਖਣਾ ਪਸੰਦ ਕਰਦੇ ਹੋ?

ਮੈਂ ਸ਼ਾਂਤੀ ਪਸੰਦ ਹਾਂ। ਜਿਸ ਕਮਰੇ ਵਿਚ ਮੈਂ ਲਿਖ ਪੜ੍ਹ ਰਿਹਾ ਹੋਵਾਂ ਉਸ ਵਿਚ ਬਿਲਕੁਲ ਚੁੱਪ ਤੇ ਬਾਕੀ ਘਰ ਵਿਚ ਚਹਿਲ ਪਹਿਲ ਹੋਵੇ। ਘਰ ਵਿਚ ਜੇ ਕਰ ਮੈਂ ਇਕੱਲਾ ਹੋਵਾਂ ਤਾਂ ਮੈਂ ਜ਼ਿਆਦਾ ਕ੍ਰੀਏਟਿਵ ਕੰਮ ਨਹੀਂ ਕਰ ਸਕਦਾ। ਘਰ ਦਾ ਮਾਹੌਲ ਅਜਿਹਾ ਰਿਹਾ ਹੈ ਕਿ ਮੇਰੀਆਂ ਰਚਨਾਵਾਂ ਨੂੰ ਵੈੱਲਕਮ ਕੀਤਾ ਜਾਂਦਾ ਸੀ। ਮੇਰੀ ਪਤਨੀ ਕੈਲਾਸ਼ ਕੌਰ ਮੇਰੇ ਸਾਰੇ ਨਾਵਲਾਂ ਦੀ ਪਹਿਲੀ ਪਾਠਕ ਹੁੰਦੀ ਸੀ। ਉਹ ਮੇਰੇ ਪੰਜਾਬੀ ਸ਼ਬਦ ਜੋੜ ਠੀਕ ਕਰਦੀ ਤੇ ਫੇਰ ਮੇਰੇ ਨਾਵਲਾਂ ਨੂੰ ਖ਼ੁਸ਼ੀ-ਖ਼ੁਸ਼ੀ ਰੀ-ਰਾਈਟ ਕਰਦੀ ਤੇ ਕਦੀ-ਕਦੀ ਕੁਝ ਕੱਟ ਵੱਢ ਵੀ ਮੇਰੀ ਰਾਇ ਲੈ ਕੇ ਕਰ ਦਿੰਦੀ ਸੀ। ਜਦੋਂ ਵੀ ਮੇਰਾ ਨਾਵਲ ਛਪ ਕੇ ਘਰ ਆਉਂਦਾ ਤਾਂ ਸਾਡੇ ਘਰ ਦੇ ਪੰਜੇ ਮੈਂਬਰਾਂ ਨੇ ਇਕ-ਇਕ ਕਾਪੀ ਫੜ ਕੇ ਬੈਠ ਜਾਣਾ ਤੇ ਉਦੋਂ ਮੈਨੂੰ ਮੇਰੀ ਰਚਨਾ ਦੇ ਵੈੱਲਕਮ ਹੋਣ ਦਾ ਅਹਿਸਾਸ ਹੋਣਾ। ਘਰ ਵਿਚ ਕਦੇ ਕੋਈ ਆਪੋਜ਼ੀਸ਼ਨ ਨਹੀਂ। ਹੁਣ ਮੈਂ ਕਈ ਵਾਰ ਸੋਚਦਾਂ ਕਿ ਪੰਜਾਬੀ ਵਿਚ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੇਰਾ ਖ਼ਾਸ ਸਥਾਨ ਬਣ ਗਿਐ ਵਰਨਾ ਉਹ ਗੱਲ ਨਹੀਂ ਸੀ ਬਣਨੀ ਕਿਉਂਕਿ ਜੋ ਗੱਲ ਮੈਂ ਮਾਤ ਭਾਸ਼ਾ ਵਿਚ ਕਰ ਸਕਦਾ ਹਾਂ ਉਹ ਮੈਂ ਉਰਦੂ, ਇੰਗਲਿਸ਼ ਵਿਚ ਨਹੀਂ ਸੀ ਕਰ ਸਕਣੀ। ਐੱਮ.ਏ. ਇੰਗਲਿਸ਼ ਕਰਨ ਤੋਂ ਬਾਅਦ ਗਿਆਨ ‘ਚ ਏਨਾ ਵਾਧਾ ਹੋ ਗਿਆ ਕਿ ਮੈਨੂੰ ਲਫ਼ਜ਼ਾਂ ਦੀ ਥੁੜ ਨਹੀਂ ਹੁੰਦੀ। ਮੇਰੇ ਕੋਲ ਸ਼ਬਦਾਂ ਦਾ ਭੰਡਾਰ ਸੀ। ਸ਼ੁਰੂ ਵਿਚ ਕਈ ਲੋਕਾਂ ਨੇ ਕਿਹਾ ਕਿ ਤਸਨੀਮ ਦੇ ਲਿਖਣ ਦਾ ਜੋ ਸਟਾਇਲ ਹੈ ਉਹ ਪੰਜਾਬੀ ਨਾਲ ਮੇਲ ਨਹੀਂ ਖਾਂਦਾ। ਉਹ ਉਰਦੂ ਤੇ ਇੰਗਲਿਸ਼ ਦੇ ਪ੍ਰਭਾਵ ਵਿਚ ਹੈ।

ਆਪ ਨੂੰ ਸ਼੍ਰੋਮਣੀ ਸਾਹਿਤਕਾਰ, ਸਾਹਿਤ ਅਕਾਦਮੀ ਅਵਾਰਡ ਅਤੇ ਸਾਹਿਤ ਰਤਨ ਬਹੁਤ ਉੱਚ ਕੋਟੀ ਦੇ ਸਾਹਿਤਕ ਸਨਮਾਨ ਮਿਲੇ ਹਨ। ਕੀ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਪੁਰਸਕਾਰ ਵੀ ਮਿਲਿਆ ਹੈ?

ਆਪਣੇ ਤੌਰ ‘ਤੇ ਮੈਂ ਕਦੇ ਕਿਸੇ ਪੁਰਸਕਾਰ ਦੀ ਤਮੰਨਾ ਨਹੀਂ ਕੀਤੀ, ਜੋ ਕੁਝ ਮਿਲਿਆ ਆਪਣੇ ਆਪ ਹੀ ਆਇਆ। ਹੌਲੀ-ਹੌਲੀ ਸਾਰੇ ਪ੍ਰਚੱਲਿਤ ਅਵਾਰਡ ਮੇਰੀ ਝੋਲੀ ਪਏ। ਅਵਾਰਡਜ਼ ਮਿਲੇ ਮੇਰਾ ਹੌਸਲਾ ਵੀ ਵਧਿਆ, ਬੜਾ ਕੁਝ ਪ੍ਰਾਪਤ ਹੋਇਆ। ਵਕਤ ਨੇ ਨਾਲ-ਨਾਲ ਮੈਨੂੰ ਜੋ ਮਿਲਿਆ ਆਪ ਮੁਹਾਰੇ ਹੀ ਮਿਲਿਆ, ਉਸ ਲਈ ਮੈਂ ਕੋਈ ਉਚੇਚ ਨਹੀਂ ਕੀਤਾ। ਅੱਜ ਤੀਕ ਕਿਸੇ ਨੇ ਇਹ ਕਹਿਣ ਦੀ ਜੁੱਰਅਤ ਨਹੀਂ ਕੀਤੀ ਕਿ ਮੇਰੀ ਕਿਸੇ ਪ੍ਰਾਪਤੀ ਪਿੱਛੇ ਜੋੜ ਤੋੜ ਸੀ। ਸਭ ਨੇ ਇਹ ਗੱਲ ਪ੍ਰਵਾਨ ਕਰ ਲਈ ਕਿ ਮੈਨੂੰ ਜੋ ਵੀ ਮਿਲਿਆ ਉਹ ਕੁਦਰਤੀ ਤੇ ਰੱਬੀ ਦਾਤ ਹੈ। ਹੁਣ ਮੈਂ ਬਿਮਾਰ ਹਾਂ ਤਾਂ ਮੈਨੂੰ ਅਜੇ ਵੀ ਬਹੁਤ ਸਾਰੇ ਫੋਨ ਆਉਂਦੇ ਹਨ ਕਿ ਤੁਸੀਂ ਏਨਾ ਕੰਮ ਕੀਤਾ ਹੈ ਅਸੀਂ ਘਰ ਆ ਕੇ ਤੁਹਾਡਾ ਸਨਮਾਨ ਕਰਨਾ ਚਾਹੁੰਦੇ ਹਾਂ। ਪਰ ਮੈਂ ਮਨ੍ਹਾ ਕਰ ਦਿੰਦਾ ਹਾਂ। ਮੈਨੂੰ ਚੰਗਾ ਨਹੀਂ ਲੱਗਦਾ ਮੇਰਾ ਦਿਲ ਬੁਝਿਆ-ਬੁਝਿਆ ਹੈ। ਇਸ ਹਾਲਤ ਵਿਚ ਮੈਂ ਕੋਈ ਮਾਣ ਸਨਮਾਨ ਹਾਸਲ ਨਹੀਂ ਕਰਨਾ ਚਾਹੁੰਦਾ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਕਦਰ ਬਰਕਰਾਰ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਮੇਰੀ ਹੋਰ ਜ਼ਿਆਦਾ ਕਦਰ ਪਵੇਗੀ। ਮਤਲਬ ਮੇਰੇ ਦੁਆਰਾ ਕੀਤੇ ਗਏ ਸਾਹਿਤਕ ਕੰਮਾਂ ਦੀ।

ਤੁਸੀਂ ਬੜੀ ਐਕਟਿਵ ਲਾਈਫ਼ ਜੀਵੀ ਹੈ, ਪਹਿਲਾਂ ਸਾਈਕਲ ਤੇ ਫੇਰ ਐਕਟਿਵਾ ‘ਤੇ, ਐਕਸੀਡੈਂਟ ਤੋਂ ਬਾਅਦ ਤੁਹਾਡੀ ਇੰਡੀਪੈਂਡੈਂਟ ਲਾਈਫ਼ ਤਕਰੀਬਨ ਖ਼ਤਮ ਹੋ ਗਈ, ਕਿੰਜ ਲੱਗਾ, ਹਮੇਸ਼ਾ ਡਰਾਈਵਰ ਜਾਂ ਕਿਸੇ ਹੋਰ ਮੈਂਬਰ ਨਾਲ ਘਰੋਂ ਬਾਹਰ ਜਾਣਾ?

ਐਕਸੀਡੈਂਟ ਵੀ ਅਜੀਬ ਸੀ। ਮੈਂ ਸੜਕ ਪਾਰ ਕਰ ਕੇ ਖੱਬੇ ਜਾ ਰਿਹਾ ਸੀ। ਅਚਾਨਕ ਆਵਾਜ਼ ਆਈ,’ਏਥੇ ਈ ਰੁਕ ਜਾਓ। ਅੱਗੇ ਨਾ ਜਾਓ।’ ਸੜਕ ‘ਤੇ ਕੋਈ ਟ੍ਰੈਫਿਕ ਨਹੀਂ ਸੀ। ਮੈਂ ਉੱਥੇ ਈ ਰੁਕ ਗਿਆ, ਤਕਰੀਬਨ ਇਕ ਮਿੰਟ ਬਾਅਦ ਇਕ ਸਕੂਟਰ ਵਾਲਾ ਆ ਕੇ ਮੇਰੇ ਨਾਲ ਵੱਜਾ, ਮੈਂ ਉਸ ਦਾ ਸਕੂਟਰ ਫੜ ਕੇ ਦੂਜੇ ਪਾਸੇ ਉਲਰਦਾ, ਉਲਰਦਾ ਏਨਾ ਨੀਵੇਂ ਚਲਾ ਗਿਆ, ਮੈਨੂੰ ਲੱਗਾ ਮੈਂ ਸੜਕ ਦੇ ਨੇੜੇ ਹਾਂ। ਮੈਂ ਸੱਜੀ ਲੱਤ ਸੜਕ ‘ਤੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਡਿੱਗ ਪਿਆ ਤੇ ਫਰੈਕਚਰ ਹੋ ਗਿਆ। ਜੋ ਹੋਣਾ ਹੁੰਦੈ ਹੋ ਕੇ ਰਹਿੰਦੈ ਵਾਲੀ ਨੌਬਤ ਆ ਗਈ ਸੀ। ਉਸ ਤੋਂ ਬਾਅਦ ਆਜ਼ਾਦੀ ਮਾਰੀ ਗਈ। ਜਿਸ ਦਾ ਮੈਂ ਆਦੀ ਨਹੀਂ ਸੀ। ਆਜ਼ਾਦੀ ਖੋਹੀ ਗਈ।

ਪਿਛਲੇ ਦੋ ਕੁ ਸਾਲਾਂ ਤੋਂ ਤੁਹਾਡੀ ਤਬੀਅਤ ਨਾਸਾਜ਼ ਚੱਲ ਰਹੀ ਹੈ, ਪਰ ਤੁਸੀਂ ਫੇਰ ਵੀ ਲਿਖਣ ਪੜ੍ਹਨ ਦਾ ਸਿਲਸਿਲਾ ਜਾਰੀ ਰੱਖਿਆ, ਪਰ ਹੁਣ ਪਿਛਲੇ ਛੇ ਸੱਤ ਮਹੀਨਿਆਂ ਤੋਂ ਤੁਸੀਂ ਬੈੱਡ ਤਕ ਹੀ ਸੀਮਤ ਹੋ ਗਏ ਹੋ। ਜ਼ਿਆਦਾ ਸਮਾਂ ਚੁੱਪ ਕਰ ਕੇ ਲੇਟੇ ਰਹਿਣਾ ਪਸੰਦ ਕਰਦੇ ਹੋ ਤੇ ਤੁਹਾਡੇ ਚਿਹਹੇ ‘ਤੇ ਹਮੇਸ਼ਾ ਇਕ ਸੋਚ ਰਹਿੰਦੀ ਹੈ, ਤੁਸੀਂ ਲਗਾਤਾਰ ਕੀ ਸੋਚਦੇ ਰਹਿੰਦੇ ਹੋ, ਸੱਚੋ ਸੱਚ ਦੱਸੋ?

ਮੈਂ ਸੋਚਦਾਂ ਥੋੜ੍ਹਾ ਸਮਾਂ ਹੋਰ ਚਾਹੀਦਾ ਸੀ। ਮੈਨੂੰ ਆਪਣੇ ਕੰਮ ਸਮੇਟਣ ਦਾ ਸਮਾਂ ਨਹੀਂ ਮਿਲਿਆ। ਅਚਾਨਕ ਬਿਮਾਰ ਹੋਣ ਕਰਕੇ ਡਿਪੈਂਡੈਂਟ ਜਿਹਾ ਹੋ ਗਿਆਂ। ਦਿਮਾਗ਼ ਤਾਂ ਹਾਲੇ ਵੀ ਕ੍ਰੀਏਟਿਵ ਹੈ ਪਰ ਉਸ ਕ੍ਰੀਏਟੀਵਿਟੀ ਨੂੰ ਸ਼ਬਦਾਂ ਵਿਚ ਉਲੀਕਣ ਦੀ ਹੁਣ ਹਿੰਮਤ ਨਹੀਂ ਮੇਰੇ ਵਿਚ। ਹੈਲਪਲੈੱਸਨੈੱਸ ਦੀ ਫੀਲਿੰਗ ਹੈ। ਕਹਿਣ ਦਾ ਮਤਲਬ ਹੈ, ਇਹ ਸ਼ੇਅਰ ਮਿਰਜ਼ਾ ਗ਼ਾਲਿਬ ਦਾ,

‘ਆਜੀ ਜਾਤਾ ਤੋ ਰਾਹ ਪਰ ਗ਼ਾਲਿਬ

ਕੋਈ ਦਿਨ ਔਰ ਭੀ ਜੀਏ ਹੋਤੇ।’

ਮੈਨੂੰ ਵੀ ਇਹੀ ਖ਼ਿਆਲ ਆਉਂਦਾ ਹੈ ਕਿ ਜੇ ਮੈਨੂੰ ਕੁਝ ਹੋਰ ਸਮਾਂ ਮਿਲਦਾ ਤਾਂ ਮੈਂ ਕਈ ਅਧੂਰੇ ਕੰਮ ਨੇਪਰੇ ਚਾੜ੍ਹ ਦੇਣੇ ਸੀ। ਬਹੁਤਾ ਵਕਤ ਬਿਸਤਰ ‘ਤੇ ਲੇਟਣ ਨਾਲ ਕਈ ਵਾਰ ਹੁਣ ਆਪਣੇ ਆਪ ‘ਤੇ ਤਰਸ ਆਉਂਦੈ ਕਿ ਆਪਣੇ ਨਿੱਤ ਦੇ ਕੰਮ ਵੀ ਆਪ ਨਹੀਂ ਕਰ ਸਕਦਾ। ਕਿਸੇ ‘ਤੇ ਨਿਰਭਰ ਹੋ ਗਿਆ ਹਾਂ। ਚਲੋ ਫੇਰ ਵੀ ਜੇ ਬਹੁਤਾ ਨਹੀਂ ਤਾਂ ਥੋੜ੍ਹਾ ਯੋਗਦਾਨ ਜ਼ਰੂਰ ਹੈ ਮੇਰਾ ਪੰਜਾਬੀ ਸਾਹਿਤ ਵਿਚ…।

ਤੁਸੀਂ ਸ਼ਿਮਲੇ ਤੋਂ ਪੱਕੀ ਸਰਕਾਰੀ ਨੌਕਰੀ ਛੱਡ ਕੇ ਕਿਸ ਕਾਰਨ ਫਗਵਾੜੇ ਆ ਕੱਚੀ ਨੌਕਰੀ ਜੁਆਇਨ ਕਰ ਲਈ?

ਅਸਲ ਵਿਚ ਮੈਂ ਸ਼ਿਮਲੇ ਰਹਿੰਦਿਆਂ ਪ੍ਰਾਈਵੇਟਲੀ ਐੱਮ.ਏ. ਇੰਗਲਿਸ਼ ਕਰ ਲਈ ਸੀ ਪੰਜਾਬੀ ਯੂਨੀਵਰਸਿਟੀ ਤੋਂ, ਮੇਰੀ ਸੈਕਿੰਡ ਡਵੀਜ਼ਨ ਸੀ। ਆਪਣੇ ਬੇਟੇ ਦੀ ਪੈਦਾਇਸ਼ ਤੋਂ ਬਾਅਦ ਮੈਨੂੰ ਇੰਜ ਮਹਿਸੂਸ ਹੋਣ ਲੱਗਾ ਕਿ ਹੁਣ ਅੱਗੇ ਵਧਣਾ ਚਾਹੀਦਾ ਹੈ, ਕੁਝ ਹੋਰ ਕਰਨਾ ਚਾਹੀਦਾ ਹੈ। ਇਹ ਏ.ਜੀ. ਆਫਿਸ ਵਾਲੀ ਨੌਕਰੀ ਮੇਰੀ ਮੰਜ਼ਿਲ ਨਹੀਂ ਹੈ। ਮੈਨੂੰ ਸਰਕਾਰੀ ਕਾਲਜ ਫਗਵਾੜਾ ਲੈਕਚਰਰ ਦੀ ਨੌਕਰੀ ਮਿਲੀ ਤਾਂ ਅਸੀਂ ਉੱਥੇ ਸਿਫ਼ਟ ਹੋ ਗਏ ਤੇ ਥੋੜ੍ਹੀ ਦੇਰ ਬਾਅਦ ਮੈਂ ਯੂ.ਪੀ.ਐੱਸ.ਸੀ. ਦੁਆਰਾ ਪਰਮਾਨੈਂਟ ਹੋ ਗਿਆ।

ਤੁਹਾਨੂੰ ਆਪਣੀ ਜ਼ਿੰਦਗੀ ਦਾ ਕਿਹੜਾ ਪੜਾਅ ਸਭ ਤੋਂ ਵੱਧ ਚੰਗਾ ਲੱਗਦਾ ਹੈ?

ਸੇਵਾ ਮੁਕਤੀ ਤੋਂ ਬਾਅਦ ਦਾ, ਕਿਉਂਕਿ ਉਸ ਤੋਂ ਬਾਅਦ ਬੰਦਾ ਸੋਚ ਸਕਦਾ ਹੈ ਕਿ ਹੁਣ ਉਸ ਨੇ ਕੀ ਕਰਨਾ ਹੈ। ਸਾਰਾ ਵਕਤ ਉਸ ਦਾ ਆਪਣਾ ਹੁੰਦੈ ਤੇ ਉਹ ਆਪਣੀ ਮਰਜ਼ੀ ਦਾ ਮਾਲਿਕ ਹੁੰਦੈ. ..ਜਦੋਂ ਚਾਹੇ ਪੜ੍ਹੋ, ਲਿਖੋ ਤੇ ਸੌਂਵੋ-ਜਾਗੋ।

ਅੱਜ ਕੱਲ੍ਹ ਦੇ ਪਾਠਕਾਂ ਨੂੰ ਕੀ ਕਹਿਣਾ ਚਾਹੋਗੇ?

ਮੈਂ ਪਾਠਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਪੜ੍ਹਨ ਦਾ ਰੁਝਾਨ ਵੀ ਬਰਕਰਾਰ ਰੱਖਣ, ਸੋਸ਼ਲ ਮੀਡੀਆ ਦੇ ਰੁਝਾਨ ਨੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਪੜ੍ਹਨ ਲਿਖਣ ਦੀ ਰੁਚੀ ਖੋਹ ਲਈ ਹੈ। ਬਹੁਤ ਸਾਰੇ ਘਰ ਅਜਿਹੇ ਨੇ ਜਿੱਥੇ ਇਕ ਵੀ ਕਿਤਾਬ ਨਹੀਂ। ਕਈ ਘਰਾਂ ‘ਚ ਤਾਂ ਅਖ਼ਬਾਰ ਵੀ ਨਹੀਂ ਹੁੰਦਾ…ਬਹੁਤ ਹੀ ਬੁਰਾ ਲੱਗਦੈ…ਲੋਕਾਂ ਦੇ ਸਰੋਕਾਰ ਬਦਲ ਗਏ ਨੇ, ਲੋਕੀ ਸੋਚਦੇ ਨੇ ਅਸੀਂ ਕੀ ਲੈਣਾ।

ਅੱਜ ਕੱਲ੍ਹ ਤੁਸੀਂ ਕਿਸੇ ਨੂੰ ਮਿਲਣਾ ਗਿਲਣਾ ਪਸੰਦ ਨਹੀਂ ਕਰਦੇ, ਬਸ ਖ਼ਾਮੋਸ਼ ਲੇਟੇ ਰਹਿੰਦੇ ਹੋ ਕਿਉਂ?

ਮਿਲਣ ਗਿਲਣ ਨੂੰ ਦਿਲ ਤਾਂ ਕਰਦੈ ਪਰ ਬਹੁਤਾ ਲੁਤਫ਼ ਨਹੀਂ ਆਉਂਦਾ…ਜੀ ਕਰਦੈ ਬੰਦਾ ਲੰਮਾ ਪਿਆ ਰਹੇ, ਸੋਚੇ ਭਾਵੇਂ ਕੁਝ ਵੀ ਨਾ ਪਰ ਲੱਗੇ ਕਿ ਸੋਚ ਰਿਹੈ।

(ਮੈਂ ਹੈਰਾਨ ਹਾਂ ਕਿ ਏਸ ਹਾਲਤ ‘ਚ ਤੇ ਉਮਰ ਦੇ ਇਸ ਪੜਾਅ ‘ਤੇ ਵੀ ਉਨ੍ਹਾਂ ਦੀ ਸੈਂਸ ਆਫ਼ ਹਿਊਮਰ ਜਿਉਂ ਦੀ ਤਿਉਂ ਬਰਕਰਾਰ ਹੈ)।

Related posts

ਆਸਟ੍ਰੇਲੀਆ ਦੇ ਵਿਕਟੋਰੀਆ ’ਚ ਲਾਕਡਾਊਨ ’ਚ ਨਹੀਂ ਮਿਲੇਗੀ ਕੋਈ ਛੂਟ, ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਆਈ ਕਮੀ

On Punjab

ਮੋਦੀ ਪੋਲੈਂਡ ਪੁੱਜੇ, ਯੂਕਰੇਨ ਦੇ ਦੌਰੇ ਮੌਕੇ ਜ਼ੇਲੈਂਸਕੀ ਨਾਲ ਕਰਨਗੇ ਗੱਲਬਾਤ

On Punjab

ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਰ ਸਕਦੇ ਕੋਈ ਵੱਡਾ ਐਲਾਨ

On Punjab