PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀਨਗਰ ’ਚ ਪਾਰਾ ਮਨਫ਼ੀ ਛੇ ਡਿਗਰੀ ਤੱਕ ਡਿੱਗਿਆ

ਸ੍ਰੀਨਗਰ-ਕਸ਼ਮੀਰ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਸ੍ਰੀਨਗਰ ਵਿੱਚ ਬੀਤੀ ਰਾਤ ਇਸ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਤਾਪਮਾਨ ਮਨਫੀ 6 ਡਿਗਰੀ ਸੈਲਸੀਅਸ ਤੋਂ ਥੋੜ੍ਹਾ ਘੱਟ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਰਾਤ ਦਾ ਤਾਪਮਾਨ ਇਸ ਮੌਸਮ ਵਿੱਚ ਆਮ ਨਾਲੋਂ 4.2 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਮੁਤਾਬਕ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 8.2 ਡਿਗਰੀ ਜਦਕਿ ਗੁਲਮਰਗ ਵਿੱਚ ਮਨਫ਼ੀ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਪੋਰ ਸ਼ਹਿਰ ਦੇ ਬਾਹਰਵਾਰ ਸਥਿਤ ਕੋਨੀਬਲ ਵਾਦੀ ਦਾ ਸਭ ਤੋਂ ਠੰਢਾ ਇਲਾਕਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਦੱਸਿਆ ਕਿ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 7.6 ਡਿਗਰੀ ਸੈਲਸੀਅਸ, ਉੱਤਰੀ ਕਸ਼ਮੀਰ ਦੇ ਕੁਪਵਾੜਾ ’ਚ ਮਨਫੀ 6.5 ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ’ਚ ਮਨਫੀ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 26 ਦਸੰਬਰ ਤੱਕ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਹੱਡ ਚੀਰਵੀਂ ਠੰਢ ਦਾ ਦੌਰ ਸ਼ੁਰੂ-ਕਸ਼ਮੀਰ ਵਿੱਚ 40 ਦਿਨਾਂ ਦੀ ਕੜਾਕੇ ਦੀ ਠੰਢ ਦਾ ਦੌਰ ‘ਚਿੱਲਈ-ਕਲਾਂ’ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਮੇਂ ਦੌਰਾਨ ਬਰਫਬਾਰੀ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਉਂਦੀ ਹੈ। ‘ਚਿੱਲਈ-ਕਲਾਂ’ ਦਾ ਦੌਰ ਅਗਲੇ ਸਾਲ 31 ਜਨਵਰੀ ਨੂੰ ਖਤਮ ਹੋਵੇਗਾ। ਇਸ ਤੋਂ ਬਾਅਦ ਅਗਲੇ 20 ਦਿਨ ‘ਚਿੱਲਈ-ਖੁਰਦ’ ਜਦਕਿ ਉਸ ਤੋਂ ਅਗਲੇ 10 ਦਿਨ ‘ਚਿੱਲਈ-ਬੱਚਾ’ ਦਾ ਦੌਰ ਚੱਲੇਗਾ। 

ਪੰਜਾਬ ਤੇ ਹਰਿਆਣਾ ਨੂੰ ਵੀ ਠੰਢ ਨੇ ਜਕੜਿਆ ਚੰਡੀਗੜ੍ਹ:ਪੰਜਾਬ ਅਤੇ ਹਰਿਆਣਾ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਦੋਵਾਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 4 ਜਦਕਿ ਬਠਿੰਡਾ ਵਿੱਚ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 6.4, ਲੁਧਿਆਣਾ ’ਚ 5.7 ਅਤੇ ਪਟਿਆਲਾ ਵਿੱਚ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿੱਚ ਸਿਰਸਾ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਿਸਾਰ ’ਚ ਘੱਟੋ-ਘੱਟ ਤਾਪਮਾਨ 5.6, ਕਰਨਾਲ ’ਚ 6.8 ਅਤੇ ਭਿਵਾਨੀ ਵਿੱਚ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਗੁਰੂਗ੍ਰਾਮ ਵਿੱਚ ਘੱਟੋ-ਘੱਟ ਤਾਪਮਾਨ 8.3, ਕੁਰੂਕਸ਼ੇਤਰ ਵਿੱਚ 8 ਅਤੇ ਅੰਬਾਲਾ ਵਿੱਚ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Related posts

ਵੈਕਸੀਨ ਦਾ ਕਰੋ ਇੰਤਜ਼ਾਰ, ਨਾ ਮਨਾਓ ਕੋਈ ਸਮਾਗਮ ; ਬਾਇਡਨ ਨੇ ਕੀਤੀ ਦੇਸ਼ਵਾਸੀਆਂ ਨੂੰ ਅਪੀਲ

On Punjab

Colombian Prison Riot Fire: ਕੋਲੰਬੀਆ ਦੀ ਜੇਲ੍ਹ ‘ਚ ਭਿਆਨਕ ਅੱਗ, 51 ਕੈਦੀਆਂ ਦੀ ਮੌਤ; 24 ਜ਼ਖਮੀ

On Punjab

ਸਮਾਰਟ ਫੋਨਾਂ ਤੋਂ ਬੱਚਿਆਂ ਨੂੰ ਦੂਰ ਰੱਖਣ ਮਾਪੇ, ਨਹੀਂ ਤਾਂ….

Pritpal Kaur