ਬਠਿੰਡਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਜੇਲ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਜਮਾਨਤ ਦੀ ਅਰਜੀ ‘ਤੇ ਅੱਜ ਸੁਣਵਾਈ ਨਾ ਹੋ ਸਕੀ। ਹੇਠਲੀ ਅਦਾਲਤ ਵਿੱਚੋਂ ਕੇਸ ਸਬੰਧੀ ਕੁੱਝ ਕਾਗਜਾਤ ਨਾ ਆਉਣ ਕਾਰਨ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਜਮਾਨਤ ਦੀ ਅਰਜੀ ‘ਤੇ ਸੁਣਵਾਈ 4 ਫਰਵਰੀ ਤਕ ਮੁਲਤਵੀ ਕਰ ਦਿੱਤੀ ਹੈ। ਹੁਣ ਡੇਰਾ ਪ੍ਰੇਮੀਆਂ ਦੀ ਜਮਾਨਤ ਦਾ ਫੈਸਲਾ 4 ਫਰਵਰੀ ਨੂੰ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬੇਅਦਬੀ ਦੇ ਦੋਸ਼ਾਂ ਹੇਠ ਜੇਲ ਵਿਚ ਬੰਦ ਡੇਰਾ ਪ੍ਰੇਮੀਆਂ ਜਤਿੰਦਰਵੀਰ ਅਰੋੜਾ ਉਰਫ਼ ਜਿੰਮੀ, ਰਾਜਵੀਰ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਸੁਖਮੰਦਰ ਸਿੰਘ, ਰਾਜਿੰਦਰ ਕੁਮਾਰ ਤੇ ਗੁਰਪਵਿੱਤਰ ਸਿੰਘ ਨੇ ਜਮਾਨਤ ਲਈ ਐਡੀਸ਼ਨਲ ਸ਼ੈਸਨ ਜੱਜ ਲਲਿਤ ਕੁਮਾਰ ਦੀ ਅਦਾਲਤ ਵਿਚ ਅਰਜ਼ੀ ਦਿੱਤੀ ਸੀ।
ਉਕਤ ਡੇਰਾ ਪ੍ਰੇਮੀਆਂ ਨੇ ਸਾਲ 2016 ਵਿਚ ਜ਼ਿਲ੍ਹੇ ਦੇ ਪਿੰਡ ਗੁਰੂਸਰ ਜਲਾਲ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰ ਕੇ ਬੇਅਦਬੀ ਕੀਤੀ ਸੀ। ਇਸ ਤੋਂ ਇਲਾਵਾ ਉਕਤ ਡੇਰਾ ਪ੍ਰੇਮੀਆਂ ਨੇ ਸਾਲ 2016 ਵਿਚ ਹੀ ਭਗਤਾ ਭਾਈਕਾ ਵਿਚ ਤਿੰਨ ਥਾਵਾਂ ‘ਤੇ ਗੁਟਕਾ ਸਾਹਿਬ ਦੇ ਅੰਗ ਸੁੱਟ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਕਤ ਡੇਰਾ ਪ੍ਰੇਮੀਆਂ ਦੀ ਜਮਾਨਤ ਦੀ ਅਰਜ਼ੀ ‘ਤੇ ਅੱਜ ਸੁਣਵਾਈ ਹੋਣੀ ਸੀ ਪਰ ਹੇਠਲੀ ਅਦਾਲਤ ਵਿੱਚੋਂ ਕੇਸ ਸਬੰਧੀ ਸ਼ੈਸ਼ਨ ਕੋਰਟ ਕੁੱਝ ਕਾਗਜਾਤ ਮੰਗੇ ਸਨ ਪਰ ਅੱਜ ਉਕਤ ਕਾਗਜ ਐਡੀਸ਼ਨਲ ਸ਼ੈਸਨ ਜੱਜ ਕੋਲ ਨਹੀਂ ਪੁੱਜ ਸਕੇ ਜਿਸ ਕਾਰਨ ਅਦਾਲਤ ਨੇ ਜਮਾਨਤ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ।
ਐਡੀਸ਼ਨਲ ਸ਼ੈਸਨ ਜੱਜ ਲਲਿਤ ਸਿੰਗਲਾ ਦੀ ਅਦਾਲਤ ਹੁਣ ਡੇਰਾ ਪ੍ਰੇਮੀਆਂ ਦੀ ਜਮਾਨਤ ਦੀ ਅਰਜ਼ੀ ‘ਤੇ ਸੁਣਵਾਈ 4 ਫਰਵਰੀ ਨੂੰ ਕਰੇਗੀ। ਡੇਰਾ ਪ੍ਰੇਮੀਆਂ ਦੀ ਜਮਾਨਤ ਦੀ ਸੁਣਵਾਈ ਨੂੰ ਲੈ ਕੇ ਸਿੱਖ ਜਥੇਬੰਦੀਆ ਦੇ ਆਗੂ ਵੱਡੀ ਗਿਣਤੀ ਅਦਾਲਤ ਵਿਚ ਪੁੱਜੇ ਹੋਏ ਸਨ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਉਕਤ ਡੇਰਾ ਪ੍ਰੇਮੀ ਆਪਣਾ ਜੁਰਮ ਕਬੂਲ ਕਰ ਚੁੱਕੇ ਹਨ। ਉਨ੍ਹਾਂ ਜਮਾਨਤ ਦੀ ਅਰਜ਼ੀ ‘ਤੇ ਸੁਣਵਾਈ ਲਈ ਪੂਰੀ ਤਿਆਰੀ ਕਰ ਰੱਖੀ ਹੈ। ਉਹ ਅਦਾਲਤ ਸਾਹਮਣੇ ਸਾਰੇ ਸਬੂਤ ਰੱਖ ਕੇ ਮੰਗ ਕਰਨਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਜਮਾਨਤ ਨਾ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਡੇਰਾ ਪ੍ਰੇਮੀਆਂ ਦੀ ਜਮਾਨਤ ਮੰਨਜ਼ੂਰ ਹੋ ਗਈ ਤਾਂ ਉਹ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ, ਭਾਈ ਬਹਿਲੋ ਸਮਾਜ ਸੇਵਾ ਸੋਸਾਇਟੀ ਭਗਤਾ, ਗੁਰਮਿਤ ਸੇਵਾ ਲਹਿਰ ਦੇ ਆਗੂਆਂ ਤੋਂਭ ਇਲਾਵਾ ਮਹਿੰਦਰ ਸਿੰਘ, ਇਕਬਾਲ ਸਿੰਘ ਹਾਜ਼ਰ ਸਨ।