ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਉੱਘੇ ਕੀਰਤਨੀਏ ਅਤੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਨੇ ਅੱਜ ਅੰਮ੍ਰਿਤ ਵੇਲੇ 4.30 ਵਜੇ ਆਖਰੀ ਸਾਹ ਲਿਆ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਨੇ ਟਵੀਟ ਕਰਕੇ ਦਿੱਤੀ।
ਦੱਸਣਯੋਗ ਹੈ ਕਿ ਕੱਲ੍ਹ ਸ਼ਾਮ ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਸੀ। ਖਾਲਸਾ ਦੇ ਪਰਿਵਾਰ ਦੇ 5 ਮੈਂਬਰ ਅਤੇ 2 ਰਾਗੀ ਸਾਥੀ ਵੀ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ। ਇਸ ਨਾਲ ਪੰਜਾਬ ਵਿਚ ਕੋਰੋਨਾ ਨਾਲ ਇਹ ਪੰਜਵੀਂ ਮੌਤ ਹੈ।
62 ਸਾਲਾ ਹਜ਼ੂਰੀ ਰਾਗੀ ਕੁਝ ਮਹੀਨੇ ਪਹਿਲਾਂ ਇੰਗਲੈਂਡ ਤੋਂ ਪਰਤੇ ਸੀ। ਇਸ ਦੇ ਬਾਅਦ ਉਹ ਚੰਡੀਗੜ੍ਹ ਤੇ ਦਿੱਲੀ ਵੀ ਗਏ ਸੀ। ਇਥੇ ਉਨ੍ਹਾਂ ਸਮਾਗਮ ਕੀਤੇ ਜਿਨ੍ਹਾਂ ‘ਚ ਹਜ਼ਾਰਾਂ ਲੋਕ ਸ਼ਾਮਲ ਹੋਏ ਸੀ। ਉਨ੍ਹਾਂ ਦੇ ਕੋਰੋਨਾ ਪੌਜੇਟਿਵ ਹੋਣ ਦੇ ਬਾਅਦ ਸੂਬੇ ‘ਚ ਦਹਿਸ਼ਤ ਫੈਲ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਪਿਛਲੇ ਦਿਨੀਂ ਉਨ੍ਹਾਂ ਨੂੰ ‘ਕੋਰੋਨਾ’ ਵਾਇਰਸ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ। ਜਿਸ ‘ਤੇ ਉਨ੍ਹਾਂ ਨੇ ਖੁਦ ਹੀ ਗੁਰੂ ਨਾਨਕ ਹਸਪਤਾਲ ਵਿਖੇ ਜਾ ਕੇ ਜਾਂਚ ਕਰਵਾਈ ਸੀ ਪਰ ਉਸ ਸਮੇਂ ਡਾਕਟਰਾਂ ਵੱਲੋਂ ਇਹ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਕਿ ਉਨ੍ਹਾਂ ਨੂੰ ਨਾਰਮਲ ਫਲੂ ਦੇ ਲੱਛਣ ਹੀ ਹਨ। ਬੁੱਧਵਾਰ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਭਾਈ ਨਿਰਮਲ ਸਿੰਘ ਨੂੰ ‘ਕੋਰੋਨਾ’ ਪੌਜ਼ਿਟਿਵ ਹੈ। ਭਾਈ ਨਿਰਮਲ ਸਿੰਘ ਦੀ ਰਿਹਾਇਸ਼ ਸੁਤਲਾਨਵਿੰਡ ਰੋਡ ਨਾਲ ਲੱਗਦੇ ਇਲਾਕਾ ਤੇਜ਼ ਨਗਰ ਵਿਖੇ ਹੈ। ਜਿੱਥੇ ਪ੍ਰਸ਼ਾਸਨ ਵੱਲੋਂ ਸਤਰਕਤਾ ਦਿਖਾਉਂਦਿਆਂ ਉਕਤ ਇਲਾਕੇ ਨੂੰ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ।