ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਪੁਰਬਲੇ ਜਨਮ ਦੇ ਤਪ ਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਲ 2023 ਦੀ ਯਾਤਰਾ ਖਾਲਸਾਈ ਜਾਹੋ-ਜਲਾਲ ਨਾਲ ਸੰਪੂਰਨ ਹੋ ਗਈ ਹੈ। ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਸੰਗਤ ਵਿਚ ਭਾਰੀ ਉਤਸ਼ਾਹ ਰਿਹਾ। ਜਿਸ ਵਿਚ ਦੇਸ਼ ਵਿਦੇਸ਼ ਦੀ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਮੁੱਖ ਮੈਨੇਜਰ ਸੇਵਾ ਸਿੰਘ ਤੇ ਮੈਨੇਜਰ ਗੁਰਨਾਮ ਸਿੰਘ ਸਮੇਤ ਧਾਰਮਿਕ ਸਖਸ਼ੀਅਤਾਂ ਵੀ ਪਹੁੰਚੀਆਂ। 20 ਮਈ ਨੂੰ ਆਰੰਭ ਹੋਈ ਯਾਤਰਾ ਇਸ ਵਾਰ ਇਕ ਦਿਨ ਵਧਾ ਕੇ 11 ਅਕਤੂਬਰ ਤੱਕ ਕੀਤੀ ਗਈ ਹੈ। ਸਾਲ 2022 ਦੀ ਯਾਤਰਾ ਵਿਚ 2 ਲੱਖ 35 ਹਜ਼ਾਰ ਦੇ ਕਰੀਬ ਸੰਗਤ ਨੇ ਦਰਸ਼ਨ ਕੀਤੇ ਸਨ ।ਜਦਕਿ ਇਸ ਸਾਲ ਪੰਜਾਬ ਵਿਚ ਹੜ੍ਹਾਂ ਕਾਰਨ ਸੰਗਤਾਂ ਦੀ ਆਮਦ ਘੱਟ ਕੇ 1 ਲੱਖ 85 ਹਜ਼ਾਰ ਰਹਿ ਗਈ। ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਦੇ ਰੂਪ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁੱਖਆਸਨ ਸਾਹਿਬ ਵਿਖੇ ਸ਼ੁਸ਼ੋਭਿਤ ਕੀਤੇ ਗਏ। ਸੰਗਤ ਵੱਲੋਂ ਗੁਰੂ ਸਾਹਿਬ ਦੀ ਸਵਾਰੀ ‘ਤੇ ਫੁੱਲਾਂ ਦੀ ਵਰਖਾ ਕੀਤੀ। ਬੈਂਡ ਵਾਜਿਆਂ ਨਾਲ ਧਾਰਮਿਕ ਧੁਨਾਂ ਨਾਲ ਰਮਣੀਕ ਨਜ਼ਾਰਾ ਹੋਰ ਵੀ ਸੁਹਾਵਣਾ ਹੋਇਆ ਅਤੇ ਸੰਗਤ ਖਾਲਸਾਈ ਜਾਹੋ ਜਲਾਲ ਦਾ ਮਾਹੌਲ ਸਿਰਜਦਿਆ ਅਸਮਾਨ ਗੁੰਜਾਉ ਖਾਲਸਾਈ ਲਗਾਏ । ਮੰਗਲਵਾਰ ਗੁਰਦੁਆਰਾ ਗੋਬਿੰਦ ਧਾਮ ਵਿਖੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੋ ਗਿਆ ਸੀ। ਸੰਗਤਾਂ ਨੇ ਸਮੇਂ ਸਿਰ ਪੁੱਜ ਕੇ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਦਰਸ਼ਨ ਦੀਦਾਰੇ ਕੀਤੇ। ਮੁੱਖ ਗ੍ਰੰਥੀ ਸ੍ਰੀ ਹੇਮਕੁੰਟ ਸਾਹਿਬ ਭਾਈ ਮਿਲਾਪ ਸਿੰਘ, ਗ੍ਰੰਥੀ ਭਾਈ ਕੁਲਵੰਤ ਸਿੰਘ ਤੇ ਰਾਗੀ ਜਥਿਆਂ ਨੇ ਕੀਰਤਨ ਦੀ ਸੇਵਾ ਨਿਭਾਈ।