Food Train ਸਫ਼ਰ ਕਰਦੇ ਸਮੇਂ ਭੋਜਨ ਅਤੇ ਚਾਹ ਦੀ ਚੁਸਕੀਆਂ ਲੈਣ ਦਾ ਆਪਣਾ ਹੀ ਇੱਕ ਮਜ਼ਾ ਹੁੰਦਾ ਹੈ। ਸਸਤੇ ਭਾਅ ਵਿੱਚ ਖਾਣੇ ਦਾ ਮਜ਼ਾ ਬਹੁਤ ਹੁੰਦਾ ਹੈ ਪਰ ਹੁਣ ਇਸ ਮਜ਼ੇ ਨੂੰ ਲੈਣ ਲਈ ਹੁਣ ਆਪਣੀ ਜ਼ੇਬ ਥੋੜੀ ਢਿੱਲੀ ਕਰਨੀ ਪੈ ਸਕਦੀ ਹੈ। ਹੁਣ ਗਰਮਾ ਗਰਮ ਚਾਹ ਦੀ ਚੁਸਕੀ ਅਤੇ ਪੇਟ ਭਰਨ ਲਈ ਭੋਜਨ ਲਈ ਜ਼ਿਆਦਾ ਖ਼ਰਚ ਕਰਨਾ ਪਵੇਗਾ। ਰੇਲਵੇ ਬੋਰਡ ਦੇ ਸੈਲਾਨੀ ਅਤੇ ਖਾਣ ਪੀਣ ਵਿਭਾਗ ਦੇ ਡਾਇਰੈਕਟਰ ਨੇ ਇਕ ਸਰਕੂਲਰ ਜਾਰੀ ਕੀਤਾ ਹੈ। ਜਿਸ ਮੁਤਾਬਕ ਸ਼ਤਾਬਦੀ, ਦੁਰੰਤੋ, ਰਾਜਧਾਨੀ ਟ੍ਰੇਨਾਂ ਵਿਚ ਭੋਜਨ ਦੇ ਭਾਅ ਵਧਾਏ ਜਾਣਗੇ।
ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਟ੍ਰੇਨਾਂ ਵਿਚ ਜਦੋਂ ਤੁਸੀਂ ਆਪਣੀ ਟਿਕਟ ਲੈਂਦੇ ਹੋ ਤਾਂ ਉਸ ਦੇ ਨਾਲ ਹੀ ਚਾਹ ਅਤੇ ਭੋਜਨ ਦੇ ਪੈਸੇ ਵੀ ਦੇਣੇ ਪੈਂਦੇ ਹਨ। ਏਨਾ ਹੀ ਨਹੀਂ ਦੂਸਰੀਆਂ ਟ੍ਰੇਨਾਂ ਨੂੰ ਵੀ ਇਸ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਲਾਗੂ ਕੀਤੀਆਂ ਗਈਆਂ ਨਵੀਂਆਂ ਦਰਾਂ ਮੁਤਾਬਕ ਸ਼ਤਾਬਦੀ, ਦੁਰੰਤੋ ਅਤੇ ਰਾਜਧਾਨੀ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਚਾਹ ਲਈ ਹੁਣ 10 ਰੁਪਏ ਦੇਣੇ ਹੋਣਗੇ। ਸਲੀਪਰ ਕਲਾਸ ਦੇ ਮੁਸਾਫਰਾਂ ਨੂੰ 15 ਰੁਪਏ ਦੇਣੇ ਪੈਣਗੇ। ਦੁਰੰਤੋ ਦੇ ਸਲੀਪਰ ਕਲਾਸ ਵਿਚ ਨਾਸ਼ਤਾ ਜਾਂ ਭੋਜਨ ਪਹਿਲਾਂ 80 ਰੁਪਏ ਵਿਚ ਮਿਲਦਾ ਸੀ ਜੋ ਹੁਣ 120 ਰੁਪਏ ਦਾ ਹੋ ਗਿਆ ਹੈ। ਸ਼ਾਮ ਦੀ ਚਾਹ ਦੀ ਪਹਿਲਾਂ ਕੀਮਤ 20 ਰੁਪਏ ਸੀ ਜੋ ਹੁਣ 50 ਰੁਪਏ ਹੋ ਗਈ ਹੈ। ਰਾਜਧਾਨੀ ਐਕਸਪ੍ਰੈਸ ਦੇ ਫਸਟ ਏਸੀ ਕੋਚ ਦਾ 145 ਰੁਪਏ ਵਾਲਾ ਭੋਜਨ 245 ਰੁਪਏ ਦਾ ਮਿਲੇਗਾ। ਇਸ ਨਵੇਂ ਮੈਨਿਊ ਨੂੰ ਟਿਕਟਿੰਗ ਸਿਸਟਮ ਵਿਚ 15 ਦਿਨਾਂ ਦੇ ਅੰਦਰ ਅਪਡੇਟ ਕਰ ਦਿੱਤਾ ਜਾਵੇਗਾ। ਹਾਲਾਂਕਿ ਇਸ ਨੂੰ ਲਾਗੂ ਕਰਨ ਵਿਚ ਥੋੜਾ ਸਮਾਂ ਲੱਗੇਗਾ। ਇਸ ਨੂੰ ਲਗਪਗ 4 ਮਹੀਨਿਆਂ ਬਾਅਦ ਲਾਗੂ ਕੀਤਾ ਜਾਵੇਗਾ।