ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਹਸਪਤਾਲ ’ਚ ਭਰਤੀ ਹੋਣ ਵਾਲੇ ਮਰੀਜ਼ਾਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸਦਾ ਦਾਅਵਾ ਹੈ ਕਿ ਅਜਿਹੇ ਰੋਗੀਆਂ ਦੇ ਦਿਲ ’ਤੇ ਇਹ ਘਾਤਕ ਵਾਇਰਸ ਭਾਰੀ ਪੈ ਸਕਦਾ ਹੈ। ਹਸਪਤਾਲ ’ਚ ਭਰਤੀ ਹੋਣ ਵਾਲੇ ਉਨ੍ਹਾਂ ਕੋਰੋਨਾ ਪੀੜਤਾਂ ’ਚ ਹਾਰਟ ਫੇਲ੍ਹ ਹੋਣ ਦਾ ਖ਼ਤਰਾ ਵੱਧ ਸਕਦਾ ਹੈ, ਜਿਸ ’ਚ ਪਹਿਲਾਂ ਤੋਂ ਦਿਲ ਸਬੰਧੀ ਕੋਈ ਸਮੱਸਿਆ ਨਹੀਂ ਹੁੰਦੀ ਹੈ।
ਅਮਰੀਕਾ ਦੇ ਮਾਊਂਟ ਸਿਨਾਈ ਹਸਪਤਾਲ ਦੇ ਖੋਜਕਰਤਾਵਾਂ ਅਨੁਸਾਰ, ਹਾਲਾਂਕਿ ਇਸ ਤਰ੍ਹਾਂ ਦੇ ਮਾਮਲੇ ਕਾਫੀ ਘੱਟ ਪਾਏ ਗਏ ਹਨ, ਪਰ ਡਾਕਟਰਾਂ ਨੂੰ ਇਸ ਤਰ੍ਹਾਂ ਦੀ ਸੰਭਾਵਿਤ ਜਟਿਲਤਾਵਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਅਧਿਐਨ ਦੇ ਮੁਖੀ ਖੋਜਕਰਤਾ ਅਤੇ ਇਕਾਨ ਸਕੂਲ ਆਫ ਮੈਡੀਸਨ ’ਚ ਹਾਰਟ ਫੇਲ੍ਹੀਅਰ ਰਿਸਰਚ ਦੀ ਨਿਰਦੇਸ਼ਕ ਅਨੁ ਲਾਲਾ ਨੇ ਕਿਹਾ, ‘ਉਨ੍ਹਾਂ ਕੁਝ ਚੋਣਵੇਂ ਲੋਕਾਂ ’ਚ ਹਾਰਟ ਫੇਲ੍ਹ ਹੋਣ ਦਾ ਖ਼ਤਰਾ ਪਾਇਆ, ਜਿਨ੍ਹਾਂ ’ਚ ਪਹਿਲਾਂ ਤੋਂ ਇਸ ਜੋਖ਼ਿਮ ਦਾ ਕੋਈ ਕਾਰਕ ਨਹੀਂ ਸੀ। ਸਾਨੂੰ ਇਸ ਸਬੰਧੀ ਹੋਰ ਸਮਝਣ ਦੀ ਜ਼ਰੂਰਤ ਹੈ ਕਿ ਕੋਰੋਨਾ ਵਾਇਰਸ ਦਿਲ ਪ੍ਰਣਾਲੀ ਨੂੰ ਕਿਵੇਂ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ।
ਅਮਰੀਕਨ ਕਾਲਜ ਆਫ ਕਾਰਡਿਓਲਾਜੀ ਮੈਗਜ਼ੀਨ ’ਚ ਪ੍ਰਕਾਸ਼ਿਤ ਅਧਿਐਨ ਅਨੁਸਾਰ, ਖੋਜਕਰਤਾਵਾਂ ਦੇ ਦਲ ਨੇ ਪਿਛਲੇ ਸਾਲ 27 ਫਰਵਰੀ ਤੋਂ ਲੈ ਕੇ 26 ਜੂਨ ਦੌਰਾਨ ਮਾਊਂਟ ਸਿਨਾਈ ਹੈਲਥ ਸਿਸਟਮ ਦੇ ਹਸਪਤਾਲਾਂ ’ਚ ਭਰਤੀ ਰਹੇ 6,439 ਕੋਰੋਨਾ ਮਰੀਜ਼ਾਂ ’ਤੇ ਗ਼ੌਰ ਕੀਤਾ। ਉਨ੍ਹਾਂ ਨੇ ਇਨ੍ਹਾਂ ’ਚੋਂ 37 ਰੋਗੀਆਂ ’ਚ ਹਾਰਟ ਫੇਲ੍ਹ ਦੇ ਨਵੇਂ ਕੇਸ ਪਾਏ। ਇਨ੍ਹਾਂ ਰੋਗੀਆਂ ’ਚੋਂ ਅੱਠ ’ਚ ਪਹਿਲਾਂ ਤੋਂ ਦਿਲ ਸਬੰਧੀ ਕੋਈ ਸਮੱਸਿਆ ਨਹੀਂ ਸੀ। 14 ਪੀੜਤ ਦਿਲ ਦੇ ਰੋਗ ਦਾ ਪਹਿਲਾਂ ਸਾਹਮਣਾ ਕਰ ਚੁੱਕੇ ਸੀ। ਜਦਕਿ 15 ਦਿਲ ਰੋਗ ਤੋਂ ਪੀੜਤ ਨਹੀਂ ਸੀ, ਪਰ ਇਸ ’ਚ ਖ਼ਤਰੇ ਦਾ ਇਕ ਕਾਰਕ ਪਾਇਆ ਗਿਆ ਸੀ।