ਨਵੀਂ ਦਿੱਲੀ-ਦਿੱਲੀ ਹਵਾਈ ਅੱਡੇ ’ਤੇ ਐਤਵਾਰ ਨੂੰ ਖਰਾਬ ਮੌਸਮ ਕਾਰਨ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਕੋਈ ਉਡਾਣ ਦਾ ਰੂਟ ਨਹੀਂ ਬਦਲਿਆ ਗਿਆ ਅਤੇ ਨਾ ਹੀ ਕੋਈ ਉਡਾਣ ਰੱਦ ਕੀਤੀ ਗਈ ਹੈ। ਸੰਘਣੀ ਧੁੰਦ ਕਾਰਨ ਦਿਖਾਈ ਦੇਣ ਦੀ ਸਮਰੱਥਾ ਘੱਟ ਹੋਣ ਕਾਰਨ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਮਿਥੇ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਰਹੇ ਹਨ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਅੱਜ ਸਵੇਰੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਯਾਤਰੀਆਂ ਨੂੰ ਹਵਾਈ ਉਡਾਣਾਂ ਸਬੰਧੀ ਜਾਣਕਾਰੀ ਲਈ ਏਅਰਲਾਈਨ ਦੇ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੋਂ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।
ਇੰਡੀਗੋ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਖਰਾਬ ਮੌਸਮ ਕਾਰਨ ਦਿੱਲੀ, ਅੰਮ੍ਰਿਤਸਰ, ਚੰਡੀਗੜ੍ਹ, ਕੋਲਕਾਤਾ ਅਤੇ ਲਖਨਊ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।’’