ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬਲਾਕ ਧੂਰੀ ਤੇ ਸ਼ੇਰਪੁਰ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਤੇ ਸਹਿਯੋਗੀ ਜੱਥੇਬੰਦੀਆਂ ਨੇ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਨਿੱਤ ਵੱਧਦੀਆਂ ਕੀਮਤਾਂ ਖ਼ਿਲਾਫ਼ ਧੂਰੀ-ਸੰਗਰੂਰ ਬਾਈਪਾਸ ਰੋਡ ਉਪਰ ਵੱਡੀ ਗਿਣਤੀ ‘ਚ ਟਰੈਕਟਰ, ਕਾਰਾਂ, ਜੀਪਾਂ, ਸਕੂਟਰ, ਮੋਟਰਸਾਈਕਲ ਤੇ ਖਾਲੀ ਗੈਸ ਸਿਲੰਡਰ ਲਿਆਕੇ ਸਵੇਰੇ 10 ਤੋਂ ਦੁਪਹਿਰ 12 ਵਜੇ ਤਕ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਦਿੱਲੀ ਦੇ ਬਾਰਡਰਾਂ ‘ਤੇ ਦੇਸ਼ ਭਰ ਦੇ ਕਿਸਾਨ ਆਪਣੀ ਜ਼ਮੀਨ ਤੇ ਹੋਂਦ ਬਚਾਉਣ ਲਈ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਨ ਤੇ ਦੂਜੇ ਪਾਸੇ ਕੇਂਦਰ ਸਰਕਾਰ ਹਰ ਰੋਜ਼ ਗੈਰ ਸੰਵਿਧਾਨਕ ਕਾਨੂੰਨ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਹੀ ਲਾਭ ਦੇਣ ਦੇ ਉਦੇਸ਼ ਨਾਲ ਸਮੁੱਚੇ ਦੇਸ਼ ਵਾਸੀਆਂ ਨੂੰ ਸੜਕਾਂ ‘ਤੇ ਰੋਲ ਰਹੀ ਹੈ। ਆਗੂਆਂ ਨੇ ਕਿਹਾ ਸਮੁੱਚੇ ਵਰਗਾਂ ਨੂੰ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਹਿੱਕ ਤਾਣ ਕੇ ਡੱਟ ਜਾਣਾ ਚਾਹੀਦਾ ਹੈ, ਨਹੀਂ ਤਾਂ ਭਾਜਪਾ ਦੀ ਕੇਂਦਰੀ ਸਰਕਾਰ ਇਕੱਲੇ-ਇਕੱਲੇ ਵਰਗ ਨੂੰ ਕੁੱਟ ਕੇ ਤੇ ਲੁੱਟ ਕੇ ਹੀ ਸਾਹ ਲਵੇਗੀ।
ਵੀਰਵਾਰ ਦੇ ਰੋਸ ਪ੍ਰਦਰਸ਼ਨ ‘ਚ ਕਿਰਤੀ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਜਹਾਂਗੀਰ, ਦਵਿੰਦਰ ਸਿੰਘ ਘਨੌਰੀ ਕਲਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨਾਜਮ ਸਿੰਘ ਪੁੰਨਾਵਾਲ, ਲਖਵੀਰ ਸਿੰਘ ਲੱਖਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਗੁਰਬਚਨ ਸਿੰਘ ਹਰਚੰਦਪੁਰ, ਕ੍ਰਿਪਾਲ ਸਿੰਘ ਬਟੂਹਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਤਬਾਰ ਸਿੰਘ ਬਾਦਸ਼ਾਹਪੁਰ, ਨਿਰਮਲ ਸਿੰਘ ਘਨੌਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਰਿੰਦਰ ਸਿੰਘ ਬਰੜਵਾਲ, ਦਰਸ਼ਨ ਸਿੰਘ ਬੁਗਰਾ, ਕੁਲ ਹਿੰਦ ਕਿਸਾਨ ਸਭਾ ਦੇ ਅਮਰੀਕ ਸਿੰਘ ਕਾਂਝਲਾ, ਦਰਬਾਰਾ ਸਿੰਘ ਬੇਨੜਾ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ, ਨਾਥ ਸਿੰਘ ਬੇਨੜਾ, ਗੁਰਮੇਲ ਸਿੰਘ ਘਨੌਰੀ ਆਦਿ ਨੇ ਵੀ ਸ਼ਮੂਲੀਅਤ ਕੀਤੀ