ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਾਹੇ ਕੌਮਾਂਤਰੀ ਪੱਧਰ ‘ਤੇ ਕੋਈ ਵੱਡਾ ਸਾਥ ਨਹੀਂ ਮਿਲਿਆ ਪਰ ਉਨ੍ਹਾਂ ਅਜੇ ਵੀ ਕਸ਼ਮੀਰੀਆਂ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ। ਅਮਰੀਕਾ ਤੋਂ ਪਰਤਣ ਮਗਰੋਂ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਕਿਹਾ ਹੈ ਕਿ ਜੋ ਇਹ ਸਮਝ ਰੱਖਦੇ ਹਨ ਕਿ ਕਸ਼ਮੀਰੀ ‘ਜਹਾਦ’ ਕਰ ਰਹੇ ਹਨ ਤਾਂ ਪਾਕਿਸਤਾਨ ਕਸ਼ਮੀਰੀਆਂ ਦੀ ਹਮਾਇਤ ਕਰੇਗਾ ਭਾਵੇ ਬਾਕੀ ਵਿਸ਼ਵ ਕਰੇ ਜਾਂ ਨਾ।
ਇਮਰਾਨ ਨੇ ਦੇਸ਼ ਪਰਤਣ ਉੱਤੇ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਭਾਵੇਂ ਕਸ਼ਮੀਰੀਆਂ ਦੇ ਸੰਘਰਸ਼ ਦੀ ਹਮਾਇਤ ਕਰੇ ਜਾਂ ਨਾ ਕਰੇ ਪਰ ਅਸੀਂ ਉਨ੍ਹਾਂ ਦੇ ਨਾਲ ਹਾਂ। ਇਹ ਜਹਾਦ ਹੈ। ਅਸੀਂ ਇਹ ਇਸ ਲਈ ਕਰ ਰਹੇ ਹਾਂ ਤਾਂ ਜੋ ਅੱਲਾ ਸਾਡੇ ਨਾਲ ਖੁਸ਼ ਰਹੇ। ਇਹ ਸੰਘਰਸ਼ ਹੈ ਤੇ ਮਾੜੇ ਸਮੇਂ ਵਿੱਚ ਦਿਲ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਦਾਅਵਾ ਕੀਤਾ ਕਿ ਜੇ ਪਾਕਿਸਤਾਨ ਕਸ਼ਮੀਰੀਆਂ ਨਾਲ ਖੜ੍ਹਾ ਰਿਹਾ ਤਾਂ ਜਿੱਤ ਕਸ਼ਮੀਰੀਆਂ ਦੀ ਹੀ ਹੋਵੇਗੀ।
ਇਮਰਾਨ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਪਹਿਲੇ ਭਾਸ਼ਨ ਦੌਰਾਨ ਕਸ਼ਮੀਰ ਦਾ ਮੁੱਦਾ ਚੁੱਕਿਆ ਪਰ ਇਸ ਨੂੰ ਕੋਈ ਬਾਹਲੀ ਤਵੱਜੋਂ ਨਹੀਂ ਮਿਲੀ। ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਵਿੱਚ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਨੂੰ ਕਸ਼ਮੀਰੀਆਂ ਵਿਰੁੱਧ ਲਾਈਆਂ ਗੈਰਮਨੁੱਖੀ ਪਾਬੰਦੀਆਂ ਹਟਾ ਲੈਣੀਆਂ ਚਾਹੀਦੀਆਂ ਹਨ ਤੇ ਨਜ਼ਰਬੰਦ ਕੀਤੇ ਸਾਰੇ ਰਾਜਸੀ ਆਗੂਆਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਇਮਰਾਨ ਨੂੰ ਸੰਯੁਕਤ ਰਾਸ਼ਟਰ ਤੋਂ ਵੀ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ।