ਸੰਸਕਾਰ
ਜਸਪ੍ਰੀਤ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਤਨਖਾਹ ਮਿਲੀ ਸੀ, ਉਸਨੇ ਸੋਚਿਆ ਘਰਦਿਆਂ ਲਈ ਕੁੱਝ ਲੈ ਕੇ ਜਾਣਾ ਚਾਹੀਦਾ ਹੈ। ਘਰ ਜਾਂਦੇ ਹੀ ਜਸਪ੍ਰੀਤ ਨੇ ਆਪਣੀ ਮਾਂ ਨੂੰ ਅਵਾਜ਼ ਲਗਾਈ ਤੇ ਅੰਦਰੋਂ ਉਸਦੀ ਨਵਵਿਆਹੁਤਾ ਪਰਮੀਤ ਨੇ ਜਵਾਬ ਦਿੱਤਾ , “ਮੰਮੀ ਜੀ ਘਰ ਨਹੀਂ ਹੈਗੇ ਉਹ ਗੁਰਦੁਆਰਾ ਸਾਹਿਬ ਗਏ ਨੇ।” ਜਸਪ੍ਰੀਤ ਦੇ ਹੱਥ ਵਿੱਚ ਲਿਫਾਫੇ ਦੇਖ ਕੇ ਪਰਮੀਤ ਨੇ ਪੁਛਿਆ, “ਇਹ ਕੀ ਲੈ ਕੇ ਆਏ ਹੋ? ” ਜਸਪ੍ਰੀਤ ਨੇ ਕਿਹਾ , ” ਕੁੱਝ ਖਾਸ ਨਹੀਂ ਬਸ ਆਪਣੇ ਵਿਆਹ ਤੋਂ ਬਾਅਦ ਪਹਿਲੀ ਤਨਖਾਹ ਮਿਲੀ ਸੀ , ਮੈਂ ਸੋਚਿਆ ਤੁਹਾਡੇ ਲਈ ਕੁੱਝ ਲੈ ਆਵਾਂ।
“ਜਸਪ੍ਰੀਤ ਨੇ ਲਿਫਾਫੇ ਵਿੱਚੋਂ ਸੂਟ ਬਾਹਰ ਕੱਢੇ ਤੇ ਟੇਬਲ ਤੇ ਰੱਖ ਦਿੱਤੇ । ਪਰਮੀਤ ਨੇ ਬੜੇ ਅਚੰਭੇ ਨਾਲ ਜਸਪ੍ਰੀਤ ਵੱਲ ਦੇਖਿਆ ।ਜਸਪ੍ਰੀਤ ਕਹਿੰਦਾ ਕੀ ਹੋਇਆ, “ਸੂਟ ਪੰਸਦ ਨਹੀਂ ਆਇਆ? ” ਪਰਮੀਤ ਕਹਿੰਦੀ , “ਨਹੀਂ -ਨਹੀਂ ਐਦਾ ਦੀ ਕੋਈ ਗੱਲ ਨਹੀਂ ਸੂਟ ਤੇ ਬਹੁਤ ਸੋਹਣਾ ਆ, ਬਸ ਮਨ ਵਿੱਚ ਇੱਕ ਸਵਾਲ ਆ ਗਿਆ ਸੀ ।ਤੁਸੀਂ ਮੇਰੇ ਲਈ ਇੱਕ ਸੂਟ ਲੈ ਕੇ ਆਏ ਚਲੋ ਕੋਈ ਗੱਲ ਨਹੀਂ, ਪਰ ਤੁਸੀਂ ਬੇਬੇ ਲਈ ਦੋ ਸੂਟ ਲੈ ਕੇ ਆਏ ਹੋ ਉਹ ਵੀ ਇੱਕੋ ਜਿਹੇ, ਐਦਾ ਕਿਉਂ ?
“ਜਸਪ੍ਰੀਤ ਨੇ ਪਰਮੀਤ ਨੂੰ ਕੋਲ ਬਠਾਉਂਦੇ ਹੋਏ ਕਿਹਾ, “ਦੇਖ ਪਰਮੀਤ ਆਪਾਂ ਇੱਕ ਦੂਜੇ ਦੇ ਕਿਹਨਾਂ ਦੀ ਬਦੌਲਤ ਹੋਏ ਆ? ਇਹਨਾਂ ਮਾਵਾਂ ਦੀ ਮੇਹਰਬਾਨੀ ਕਰਕੇ। ਜਿੰਨੀ ਇਹ ਮਾਂ ਤੇਰੀ ਉਨੀ ਉਹ ਮਾਂ ਮੇਰੀ ਤੇ ਇਸ ਕਰਕੇ ਇਹ ਇੱਕ ਸੂਟ ਆਪਣੀ ਇਸ ਮਾਂ ਲਈ ਜਿਸਦੇ ਕਰਕੇ ਮੈਂ ਤੇਰਾ ਹੋਇਆ ਤੇ ਇੱਕ ਸੂਟ ਉਸ ਮਾਂ ਲਈ ਜਿਸ ਕਰਕੇ ਤੂੰ ਮੇਰੀ ਹੋਈ ।” ਪਿੱਛੇ ਖੜੀ ਮਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਰੱਬ ਦਾ ਸ਼ੁਕਰੀਆ ਕਰ ਰਹੀ ਸੀ ਕਿ ਮੇਰਾ ਪੁੱਤ ਮੇਰੇ ਦੱਸੇ ਹੋਏ ਸੰਸਕਾਰ ਨੂੰ ਬਾਖੂਬੀ ਨਿਭਾ ਰਿਹਾ ਹੈ।
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ