59.59 F
New York, US
April 19, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੰਸਦੀ ਚੋਣਾਂ ਵਿਚ ਲਿਬਰਲਾਂ ਤੇ ਟੋਰੀਆਂ ਦੇ ਸਿੰਗ ਫਸਣ ਲੱਗੇ

ਵੈਨਕੂਵਰ- ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਦਿਨ ਜਿਵੇਂ ਜਿਵੇਂ ਨੇੜੇ ਆਉਣ ਲੱਗਾ ਹੈ, ਤਿਵੇਂ ਤਿਵੇਂ ਵੋਟਰ ਮਨ ਖੋਲ੍ਹਣ ਲੱਗੇ ਹਨ, ਜਿਸ ਨਾਲ ਤਸਵੀਰ ਕੁਝ ਸਾਫ ਹੋਣ ਲੱਗੀ ਹੈ ਕਿ ਚੋਣਾਂ ਤੋਂ ਬਾਅਦ ਦੇਸ਼ ਦੀ ਵਾਗਡੋਰ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੱਥ ਰਹੇਗੀ ਜਾਂ ਉਸ ਕੁਰਸੀ ’ਤੇ ਕੰਜ਼ਰਵੇਟਿਵ ਆਗੂ ਪੀਅਰ ਪੋਲਿਵਰ ਬਿਰਾਜਮਾਨ ਹੋਣਗੇ।

ਭਰੋਸੇਮੰਦ ਮੰਨੇ ਜਾਂਦੇ ਕੁਝ ਸਰਵੇਖਣ ਅਦਾਰਿਆਂ ਵੱਲੋਂ ਜਾਰੀ ਰਿਪੋਰਟਾਂ ਮੁਤਾਬਕ ਟੱਕਰ ਦਿਨ ਬਦਿਨ ਫਸਵੀਂ ਬਣਦੀ ਜਾ ਰਹੀ ਹੈ। ਸਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਕੁਝ ਨੀਤੀਆਂ ਕਾਰਨ ਪਾਰਟੀ ਨਾਲ ਨਾਰਾਜ਼ ਹੋਏ ਵੋਟਰਾਂ ਨੇ ਤਿੰਨ ਮਹੀਨੇ ਪਹਿਲਾਂ ਲਿਬਰਲ ਪਾਰਟੀ ਨੂੰ ਲੋਕਪ੍ਰਿਅਤਾ ਪੱਖੋਂ 25 ਫੀਸਦ ਤੱਕ ਹੇਠਾਂ ਸੁੱਟ ਦਿੱਤਾ ਸੀ, ਪਰ ਮਾਰਕ ਕਾਰਨੀ ਵਲੋਂ ਪ੍ਰਧਾਨ ਮੰਤਰੀ ਬਣ ਕੇ ਚੋਣਾਂ ਦਾ ਐਲਾਨ ਕਰਨ ਅਤੇ ਅਮਰੀਕਨ ਰਾਸ਼ਟਰਪਤੀ ਦੀਆਂ ਟੈਰਿਫ ਧਮਕੀਆਂ ਨਾਲ ਸਿੱਝਣ ਵਾਲੇ ਬਾਦਲੀਲ ਬਿਆਨਾਂ ਨੇ ਪਾਰਟੀ ਵਿੱਚ ਨਵੀਂ ਰੂਹ ਫੂਕੀ ਤੇ ਅਪਰੈਲ ਦੇ ਪਹਿਲੇ ਹਫਤੇ ਪਾਰਟੀ ਨੂੰ 44 ਫੀਸਦ ਲੋਕਪ੍ਰਿਅਤਾ ’ਤੇ ਲਿਜਾ ਖੜਾਇਆ, ਜਦ ਕਿ ਕੰਜ਼ਰਵੇਟਿਵ 37 ਫੀਸਦ ’ਤੇ ਜਾ ਅਟਕੇ।

ਦੋ ਦਿਨ ਪਹਿਲਾਂ ਉਨ੍ਹਾਂ ਸਰਵੇਖਣ ਏਜੰਸੀਆਂ ਦੇ ਤਾਜ਼ੇ ਸਰਵੇਖਣਾਂ ਵਿੱਚ ਲਿਬਰਲਾਂ ਤੇ ਟੋਰੀਆਂ ਦਾ ਫਰਕ ਸਿਰਫ 3 ਫੀਸਦ ਰਹਿ ਗਿਆ ਹੈ ਤੇ ਵੋਟ ਲਈ ਮਨ ਬਣਾ ਚੁੱਕੇ ਵੋਟਰਾਂ ਦੀ ਫੀਸਦ ਵਧਣ ਲੱਗੀ ਹੈ। ਬੇਸ਼ੱਕ ਕਿਊਬਕ ਸੂਬੇ ਤੱਕ ਹੀ ਸੀਮਤ ਬਲਾਕ ਕਿਊਬਕਵਾ ਦਾ ਗਰਾਫ 6 ਫੀਸਦ ’ਤੇ ਟਿਕਿਆ ਹੈ, ਪਰ ਤਾਜ਼ੇ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ ਕੈਨੇਡਾ ਭਰ ’ਚ ਆਪਣੇ ਉਮੀਦਵਾਰ ਖੜਾਉਣ ਵਾਲੀ ਨਿਊ ਡੈਮੋਕਰੈਟਿਕ ਪਾਰਟੀ ਦੇ ਚਹੇਤੇ ਇੱਕ ਫੀਸਦ ਘਟ ਗਏ ਹਨ। ਇਸ ਦੇ ਪ੍ਰਧਾਨ ਜਗਮੀਤ ਸਿੰਘ ਨੂੰ ਬਰਨਬੀ ਕੇਂਦਰੀ ਹਲਕੇ ਤੋਂ ਆਪਣੀ ਸੀਟ ਬਚਾਉਣੀ ਔਖੀ ਹੋਈ ਪਈ ਹੈ। ਗਰੀਨ ਪਾਰਟੀ ਪਹਿਲਾਂ ਵਾਂਗ ਦੋ ਢਾਈ ਫੀਸਦ ’ਤੇ ਸਿਮਟੀ ਹੋਈ ਹੈ।

ਵੋਟਰਾਂ ਵਲੋਂ ਅਗਲੇ ਪ੍ਰਧਾਨ ਮੰਤਰੀ ਵਜੋਂ ਦਰਸਾਈ ਪਸੰਦ ’ਤੇ ਗੌਰ ਕਰੀਏ ਤਾਂ ਉਹ ਸੁਲਝੇ ਆਗੂ ਵਜੋਂ ਮਾਰਕ ਕਾਰਨੀ ਨੂੰ ਪੀਅਰ ਪੋਲਿਵਰ ਤੋਂ ਅੱਗੇ ਰੱਖਦੇ ਹਨ। ਸਿਆਸੀ ਸੂਝ ਵਾਲੇ ਲੋਕਾਂ ਦੇ ਸ਼ੰਕੇ ਵੀ ਹਨ ਕਿ ਸ਼ਾਇਦ ਮਾਰਕ ਕਾਰਨੀ ਪਾਰਟੀ ਨੀਤੀਆਂ ਵਿੱਚ ਵੱਡੇ ਬਦਲਾਅ ਕਰਨ ਵਿੱਚ ਸਫਲ ਨਾ ਹੋ ਸਕੇ ਤੇ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਪਹਿਲਾਂ ਵਾਂਗ ਬਣੀਆਂ ਰਹਿਣ। ਵੋਟਰ ਤਿੰਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਵਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਵੋਟਰ ਭਰਮਾਊ ਸਮਝ ਕੇ ਉਨ੍ਹਾਂ ’ਤੇ ਭਰੋਸਾ ਕਰਨ ਤੋਂ ਕਤਰਾਉਣ ਲੱਗੇ ਹਨ। ਲੋਕਾਂ ਦੀਆਂ ਵੱਡੀਆਂ ਮੰਗਾਂ ਘਰਾਂ ਦੀ ਗਿਣਤੀ, ਅਮਨ ਕਨੂੰਨ, ਸਜ਼ਾਵਾਂ ’ਚ ਸਖ਼ਤੀ ਅਤੇ ਅਵਾਸ ਪਾਬੰਦੀਆਂ ਹਨ।

ਬਹੁਤੇ ਲੋਕ 20 ਤੇ 21 ਅਪਰੈਲ ਨੂੰ ਪਾਰਟੀ ਆਗੂਆਂ ਦੀ ਜਨਤਕ ਬਹਿਸ ’ਤੇ ਵੀ ਅੱਖਾਂ ਟਿਕਾਈ ਬੈਠੇ ਹਨ। ਪਿਛਲੀਆਂ ਚੋਣਾਂ ਵਿੱਚ ਆਮ ਕਰਕੇ ਇਹੀ ਬਹਿਸ ਵੋਟਰਾਂ ਦੇ ਮਨ ਪੱਕੇ ਕਰਦੀ ਰਹੀ ਹੈ। ਇਸ ਵਾਰ ਦੀ ਬਹਿਸ ਕੀ ਰੰਗ ਲਿਆਏਗੀ, ਇਸ ਦੀਆਂ ਕਿਆਸਅਰਾਈਆਂ ਤਾਂ ਬਹਿਸ ਤੋਂ ਅਗਲੇ ਦਿਨ ਸ਼ੁਰੂ ਹੋ ਜਾਣਗੀਆਂ, ਪਰ ਉਸ ਦਾ ਰੰਗ 28 ਅਪੈਰਲ ਰਾਤ ਨੂੰ ਹੀ ਉਘੜ ਕੇ ਸਾਹਮਣੇ ਆਏਗਾ।

Related posts

ਵਿਦੇਸ਼ ਤੋਂ ਭਾਰਤ ਆਉਣ ਵਾਲਿਆਂ ਲਈ ਆਈਸੋਲੇਸ਼ਨ ਦੀ ਸ਼ਰਤ ਖ਼ਤਮ

On Punjab

ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਕੇਜਰੀਵਾਲ ਨੇ ਸਾਂਝੀ ਕੀਤੀ ਇੱਕ ਚੰਗੀ ਖਬਰ

On Punjab

ਟਿਊਨੀਸ਼ੀਆ ‘ਚ ਬੱਚਿਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 26 ਦੀ ਮੌਤ

On Punjab