ਨਵੀਂ ਦਿੱਲੀ : ਸੰਸਦ ਦੇ ਦੋਵਾਂ ਸਦਨਾਂ ਵਿਚ ਅੱਜ ਵੀ ਹੰਗਾਮਾ ਜਾਰੀ ਰਿਹਾ ਤੇ ਸਦਨ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ। ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਸੰਸਦ ਕੰਪਲੈਕਸ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਲਾਬ ਦਾ ਫੁੱਲ ਤੇ ਤਿਰੰਗਾ ਭੇਟ ਕੀਤਾ।ਰੱਖਿਆ ਮੰਤਰੀ ਰਾਜਨਾਥ ਸਿੰਘ ਜਿਵੇਂ ਹੀ ਸੰਸਦ ‘ਚ ਦਾਖਲ ਹੋਣ ਲਈ ਸੰਸਦ ਕੰਪਲੈਕਸ ‘ਚ ਪਹੁੰਚੇ ਤਾਂ ਵਿਰੋਧ ਕਰ ਰਹੇ ਰਾਹੁਲ ਗਾਂਧੀ ਉਨ੍ਹਾਂ ਕੋਲ ਗਏ ਤੇ ਉਨ੍ਹਾਂ ਨੂੰ ਗੁਲਾਬ ਦਾ ਫੁੱਲ ਤੇ ਤਿਰੰਗਾ ਭੇਟ ਕਰ ਲੱਗੇ।
ਰਾਹੁਲ ਗਾਂਧੀ ਤੇ ਰੱਖਿਆ ਮੰਤਰੀ ਵਿਚਕਾਰ ਗੱਲਬਾਤ-ਇਸ ਦੌਰਾਨ ਰਾਜਨਾਥ ਸਿੰਘ ਰਾਹੁਲ ਗਾਂਧੀ ‘ਤੇ ਮੁਸਕਰਾਉਂਦੇ ਰਹੇ ਤੇ ਦੋਵਾਂ ਵਿਚਾਲੇ ਕੁਝ ਸੈਕਿੰਡ ਤੱਕ ਗੱਲਬਾਤ ਹੋਈ। ਉੱਥੇ ਮੌਜੂਦ ਕਾਂਗਰਸੀ ਆਗੂ, ਭਾਜਪਾ ਆਗੂ ਅਤੇ ਇੱਥੋਂ ਤੱਕ ਕਿ ਸੁਰੱਖਿਆ ਮੁਲਾਜ਼ਮ ਵੀ ਹੱਸਦੇ ਨਜ਼ਰ ਆਏ। ਹੁਣ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਅਡਾਨੀ ਮੁੱਦੇ ‘ਤੇ ਚਰਚਾ ਦੀ ਮੰਗ-ਸਦਨ ਦੇ ਬਾਹਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੂੰ ਸਦਨ ਦੇ ਕੰਮਕਾਜ ਅਤੇ ਅਡਾਨੀ ਕੇਸ ਸਮੇਤ ਸਾਰੇ ਮੁੱਦਿਆਂ ‘ਤੇ ਚਰਚਾ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਅਡਾਨੀ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ-ਵਿਰੋਧ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸੀ ਸੰਸਦ ਮੈਂਬਰ ਸੁਖਦੇਵ ਭਗਤ ਨੇ ਭਾਜਪਾ ਸਰਕਾਰ ‘ਤੇ ਸੰਸਦ ਨੂੰ ‘ਲਾਜਵੰਤੀ’ (ਸ਼ਰਮਨਾਕ ਪੌਦਾ) ਵਿਚ ਬਦਲਣ ਦਾ ਦੋਸ਼ ਲਾਇਆ। ਭਗਤ ਨੇ ਕਿਹਾ ਕਿ ਅਡਾਨੀ ਦਾ ਨਾਂ ਆਉਂਦਿਆਂ ਹੀ ਸਦਨ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ।