ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਬੀਤੀ ਛੇ ਜਨਵਰੀ ਨੂੰ ਸੰਸਦ ਕੰਪਲੈਕਸ ‘ਤੇ ਹੋਏ ਹਮਲੇ ਨਾਲ ਜੁੜੇ ਦਸਤਾਵੇਜ਼ ਮਾਮਲੇ ਦੀ ਜਾਂਚ ਕਰ ਰਹੀ ਇਕ ਸੰਸਦੀ ਕਮੇਟੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡਨ ਪ੍ਰਸ਼ਾਸਨ ਨੂੰ ਦਸਤਾਵੇਜ਼ ਨਾ ਸੌਂਪਣ ਦੀ ਅਪੀਲ ਕੀਤੀ ਸੀ। ਬੀਤੇ ਸਾਲ ਨਵੰਬਰ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦੀ ਹਾਰ ਤੋਂ ਬਾਅਦ ਉਨ੍ਹਾਂ ਦੇ ਹਮਾਇਤੀਆਂ ਨੇ ਸੰਸਦ ‘ਤੇ ਹਮਲਾ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਦੀ ਸਥਾਈ ਕਮੇਟੀ ਨੇ ਵ੍ਹਾਈਟ ਹਾਊਸ ਤੋਂ ਘਟਨਾ ਨਾਲ ਜੁੜੇ ਦਸਤਾਵੇਜ਼ ਲਈ ਅਪੀਲ ਕੀਤੀ ਹੈ।
ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਕਮੇਟੀ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਾਇਡਨ ਸਪੱਸ਼ਟ ਕਰ ਚੁੱਕੇ ਹਨ ਕਿ ਸੰਸਦ ਤੇ ਅਮਰੀਕੀ ਲੋਕਾਂ ਲਈ ਉਸ ਦਿਨ ਦੀਆਂ ਘਟਨਾਵਾਂ ਦੀ ਪੂਰੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ ਤਾਂਕਿ ਭਵਿੱਖ ‘ਚ ਅਜਿਹੀ ਘਟਨਾ ਦੁਬਾਰਾ ਨਾ ਹੋ ਸਕੇ। ਉਧਰ, ਟਰੰਪ ਨੇ ਦੋਸ਼ ਲਾਇਆ ਕਿ ਬਾਇਡਨ ਪ੍ਰਸ਼ਾਸਨ ਜਾਂਚ ਦੀ ਵਰਤੋਂ ਉਨ੍ਹਾਂ ਦੀਆਂ ਭਵਿੱਖ ਦੀਆਂ ਰਾਜਨੀਤਿਕ ਸੰਭਾਵਨਾਵਾਂ ਨੂੰ ਖ਼ਤਮ ਕਰਨ ਲਈ ਕਰ ਰਿਹਾ ਹੈ।