47.34 F
New York, US
November 21, 2024
PreetNama
ਫਿਲਮ-ਸੰਸਾਰ/Filmy

ਸੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਫਿਲਮ ‘ਕਿਸਮਤ’

ਪੰਜਾਬੀ ਫਿਲਮ ਸੰਸਾਰ ਵਿਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੋ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿਚ ਖਾਸ ਥਾਂ ਬਣਾਈ ਹੈ। ਦੋਹਾਂ ਨੇ ਫਿਲਮ ‘ਅੰਗਰੇਜ਼’ ਤੋਂ ਪੰਜਾਬੀ ਪਰਦੇ ‘ਤੇ ਦਸਤਕ ਦਿੱਤੀ ਸੀ। ਭਾਵੇਂ ਅਮਰਿੰਦਰ ਗਿੱਲ ਤੇ ਅਦਿੱਤੀ ਸ਼ਰਮਾ ਦੀ ਜੋੜੀ ਵਾਲੀ ਇਸ ਫਿਲਮ ਵਿਚ ਦੋਹਾਂ ਨੇ ਸੈਕੰਡ ਲੀਡ ‘ਚ ਕੰਮ ਕੀਤਾ ਸੀ ਪਰ ਇਨ੍ਹਾਂ ਦੀ ਅਦਾਕਾਰੀ ਨੇ ਜੋ ਛਾਪ ਦਰਸ਼ਕਾਂ ਦੇ ਦਿਲਾਂ ‘ਤੇ ਛੱਡੀ, ਉਸ ਨੇ ਇਨ੍ਹਾਂ ਲਈ ਪੰਜਾਬੀ ਫਿਲਮਾਂ ਦੇ ਦਰਵਾਜੇ ਖੋਲ੍ਹ ਦਿੱਤੇ।

ਫਿਲਮਾਂ ਵੱਲ ਆਉਣ ਤੋਂ ਪਹਿਲਾਂ ਜਿੱਥੇ ਸਰਗੁਣ ਮਹਿਤਾ ਛੋਟੇ ਪਰਦੇ ਦੀ ਅਦਾਕਾਰਾ ਰਹੀ ਤੇ ਦੋ ਦਰਜਨ ਤੋਂ ਵੱਧ ਚਰਚਿਤ ਲੜੀਵਾਰਾਂ ਵਿਚ ਕੰਮ ਕੀਤਾ, ਉਥੇ ਐਮੀ ਵਿਰਕ ਪੰਜਾਬੀ ਗਾਇਕੀ ਦੇ ਖੇਤਰ ਵਿਚ ਪੰਜਾਬੀਆਂ ਦਾ ਚਹੇਤਾ, ਚਮਕਦਾ ਸਿਤਾਰਾ ਸੀ। ਫਿਲਮ ‘ਅੰਗਰੇਜ਼’ ਤੋਂ ਬਾਅਦ ਦੋਹਾਂ ਨੇ ਆਪਣਾ ਕੈਰੀਅਰ ਪੰਜਾਬੀ ਸਿਨੇਮਾ ਹੀ ਚੁਣਿਆ। ਸਰਗੁਣ ਮਹਿਤਾ ਨੇ ‘ਲਵ ਪੰਜਾਬ’, ‘ਜਿੰਦੂਆ’ ਤੇ ‘ਲਾਹੌਰੀਏ’ ਫਿਲਮਾਂ ਨਾਲ ਆਪਣੀ ਭਰਵੀਂ ਹਾਜ਼ਰੀ ਲਵਾਈ, ਜਦਕਿ ਐਮੀ ਵਿਰਕ ਨੇ ‘ਅਰਦਾਸ’, ‘ਬੰਬੂਕਾਟ’, ‘ਸਾਬ੍ਹ ਬਹਾਦਰ’, ‘ਨਿੱਕਾ ਜ਼ੈਲਦਾਰ’ (ਭਾਗ ਇਕ ਅਤੇ ਦੋ), ‘ਲੌਂਗ ਲਾਚੀ’, ‘ਸਤਿ ਸ੍ਰੀ ਅਕਾਲ ਇੰਗਲੈਂਡ’ ਅਤੇ ‘ਹਰਜੀਤਾ’ ਫਿਲਮਾਂ ਨਾਲ ਇੱਕ ਖਾਸ ਮੁਕਾਮ ਹਾਸਲ ਕੀਤਾ। ਇਹ ਫਿਲਮਾਂ ਭਾਵੇਂ ਇਨ੍ਹਾਂ ਅਲੱਗ ਅਲੱਗ ਕੀਤੀਆਂ, ਜੋ ਕਾਮਯਾਬ ਰਹੀਆਂ, ਪਰ ਦਰਸ਼ਕ ‘ਅੰਗਰੇਜ਼’ ਵੇਲੇ ਤੋਂ ਹੀ ਦੋਹਾਂ ਨੂੰ ਰੁਮਾਂਟਿਕ ਜੋੜੀ ਵਜੋਂ ਵੇਖਣਾ ਚਾਹੁੰਦੇ ਸਨ, ਜੋ ਹੁਣ ਫਿਲਮ ‘ਕਿਸਮਤ’ ਰਾਹੀਂ ਪਰਦੇ ‘ਤੇ ਆ ਰਹੇ ਹਨ।
ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫਿਲਮ ਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਕ ਅਤੇ ਪਰਿਵਾਰਕ ਮਰਿਆਦਾ ਵਾਲੀ ਫਿਲਮ ਹੈ। 21 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਐਮੀ ਵਿਰਕ, ਸਰਗੁਣ ਮਹਿਤਾ ਤੋਂ ਇਲਾਵਾ ਗੁੱਗੂ ਗਿੱਲ, ਹਰਦੀਪ ਗਿੱਲ, ਤਾਨੀਆ, ਹਰਬੀ ਸੰਘਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਨਿਰਮਾਤਾ ਅੰਕਿਤ ਵਿਜ਼ਨ, ਨਵਦੀਪ ਨਰੂਲਾ, ਜਤਿੰਦਰ ਔਲਖ ਤੇ ਸ਼ੁਭਮ ਗੋਇਲ ਹਨ ਅਤੇ ਸੰਤੋਸ਼ ਸੁਭਾਸ਼ ਥੀਟੇ ਤੇ ਯੁਵਰਾਜ ਸਿੰਘ ਸਹਾਇਕ ਨਿਰਮਾਤਾ ਹਨ। ਫਿਲਮ ਦਾ ਸੰਗੀਤ ਬੀ ਪਰੈਕ, ਸੁੱਖੀ (ਮਿਊਜ਼ੀਕਲ ਡਾਕਟਰ) ਨੇ ਦਿੱਤਾ ਹੈ। ਗੀਤ ਜਾਨੀ ਨੇ ਲਿਖੇ ਹਨ ਤੇ ਐਮੀ ਵਿਰਕ, ਗੁਰਨਾਮ ਭੁੱਲਰ, ਕਮਲ ਖਾਨ, ਬੀ ਪਰੈਕ, ਨੀਤੂ ਭੱਲਾ ਅਤੇ ਦਿੱਵਿਆ ਦੱਤਾ ਨੇ ਇਸ ਫਿਲਮ ਵਿਚ ਗਾਇਆ ਹੈ।
ਬਤੌਰ ਨਿਰਦੇਸ਼ਕ ਪਹਿਲੀ ਫਿਲਮ ਵਾਲੇ ਲੇਖਕ ਜਗਦੀਪ ਸਿੱਧੂ ਨੇ ਦੱਸਿਆ ਕਿ ‘ਕਿਸਮਤ’ ਆਮ ਪੰਜਾਬੀ ਫਿਲਮਾਂ ਤੋਂ ਉਪਰ ਉਠ ਕੇ ਬਾਲੀਵੁੱਡ ਤਕਨੀਕ ਵਾਲੀ ਪਹਿਲੀ ਪੰਜਾਬੀ ਫਿਲਮ ਹੈ, ਜੋ ਬਾਲੀਵੁੱਡ ਫਿਲਮਾਂ ਨੂੰ ਟੱਕਰ ਦੇਣ ਦੇ ਸਮਰੱਥ ਹੈ। ਫਿਲਮ ਵਿਚ ਐਮੀ ਵਿਰਕ ਨੇ ਸ਼ਿਵਾ ਨਾਂ ਦੇ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ, ਜੋ ਪਿੰਡੋਂ ਸ਼ਹਿਰ ਪੜ੍ਹਨ ਆਉਂਦਾ ਹੈ ਪਰ ਉਹ ਇੱਕ ਰੋਹਬਦਾਰ ਪੁਲਿਸ ਅਫਸਰ ਦੀ ਧੀ ਬਾਨੀ ਦੇ ਪਿਆਰ ਚੱਕਰਾਂ ਵਿਚ ਪੈ ਜਾਂਦਾ ਹੈ। ਬਾਨੀ (ਸਰਗੁਣ ਮਹਿਤਾ) ਬਹੁਤ ਹੀ ਸੰਜੀਦਾ ਤੇ ਰੰਗਾਂ ਦੀ ਦੁਨੀਆਂ ਨੂੰ ਪਿਆਰ ਕਰਨ ਵਾਲੀ ਕੁੜੀ ਹੈ। ਜਦ ਤੋਂ ਸ਼ਿਵਾ ਉਸ ਦੀ ਜ਼ਿੰਦਗੀ ‘ਚ ਆਉਂਦਾ ਹੈ, ਉਹ ਰੰਗਾਂ ਦੀ ਦੁਨੀਆਂ ਛੱਡ ਪਿਆਰ ਦੇ ਰੰਗਾਂ ਵਿਚ ਰੰਗੀ ਜਾਂਦੀ ਹੈ। ਫਿਲਮ ਪਿਆਰ ਮੁਹੱਬਤ ਦੇ ਵਿਸ਼ਿਆਂ ‘ਤੇ ਬੇਹੱਦ ਗੰਭੀਰ ਹੈ।
ਗੁੱਗੂ ਗਿੱਲ ਨੇ ਬਾਨੀ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ ਜਦਕਿ ਹਰਦੀਪ ਗਿੱਲ ਨੇ ਸ਼ਿਵਾ ਦੇ ਤਾਏ ਦਾ। ਸੁਖਦੇਵ ਬਰਨਾਲਾ ਸ਼ਿਵਾ ਦੇ ਪਿਤਾ ਦੇ ਕਿਰਦਾਰ ਵਿਚ ਹੈ। ਕਾਮੇਡੀਅਨ ਹਰਬੀ ਸੰਘਾ ਨੇ ਬਤੌਰ ਕਾਮੇਡੀਅਨ ਫਿਲਮ ਦਾ ਸੰਜੀਦਾ ਮਾਹੌਲ ਖੁਸ਼ਗਵਾਰ ਕੀਤਾ ਹੈ। ਫਿਲਮ ਦੇ ਗੀਤ-ਸੰਗੀਤ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਦਰਸ਼ਕਾਂ ਦੀ ਜੁਬਾਨ ‘ਤੇ ਚੜ੍ਹਿਆ ਹੋਇਆ ਹੈ।
ਐਮੀ ਵਿਰਕ ਨੇ ਦੱਸਿਆ ਕਿ ਅਦਾਕਾਰੀ ਖੇਤਰ ਵਿਚ ਉਸ ਨੂੰ ਵੱਖ ਵੱਖ ਕਿਰਦਾਰ ਨਿਭਾਉਂਦਿਆਂ ਇੱਕ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਅਤੇ ਹਰ ਕਿਰਦਾਰ ਤੁਹਾਡੇ ਨਾਲ ਇੱਕ ਵੱਖਰਾ ਦਰਸ਼ਕ ਵਰਗ ਜੋੜਦਾ ਹੈ। ਇਸ ਫਿਲਮ ਵਿਚ ਉਸ ਨੇ ‘ਸ਼ਿਵੇ’ ਨਾਂ ਦੇ ਐਸੇ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ, ਜਿਸ ਦੀ ਹਾਸੀਆਂ ਖੇਡੀਆਂ ਵਾਲੀ ਜ਼ਿੰਦਗੀ ਨੂੰ ਰੰਗਾਂ ਦੀ ਦੁਨੀਆਂ ਨੂੰ ਪਿਆਰ ਕਰਨ ਵਾਲੀ ਕੁੜੀ ਦੀ ਮੁਹੱਬਤ ਦਾ ਰੰਗ ਚੜ੍ਹਦਾ ਹੈ।
ਸੁਰਜੀਤ ਜੱਸਲ
ਫੋਨ: 91-98146-07737

Related posts

ਐਮੇਜ਼ੌਨ ਅਲੈਕਸਾ ‘ਤੇ ਅਮਿਤਾਭ ਬੱਚਨ ਦਾ ਨਵਾਂ ਰੂਪ

On Punjab

ਅਦਾਕਾਰਾ ਬਣਨ ਤੋਂ ਪਹਿਲਾਂ ਮਲਿੱਕਾ ਨੇ ਪਤੀ ਨੂੰ ਦਿੱਤਾ ਸੀ ਤਲਾਕ, ਕਰਦੀ ਸੀ ਇਹ ਕੰਮ

On Punjab

ਕਰਨ ਜੌਹਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰ ਕੀਤਾ ਵੱਡਾ ਐਲਾਨ, ਕੀ ਇਹ ਸਰਕਾਰ ਨੂੰ ਖੁਸ਼ ਕਰਨ ਦੀ ਤਿਆਰੀ?

On Punjab