ਅਮਰੀਕੀ ਮਹਿਲਾ ਦਿੱਗਜ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੱਟ ਕਾਰਨ ਬੁੱਧਵਾਰ ਨੂੰ ਫਰੈਂਚ ਓਪਨ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ। 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਕਿਹਾ ਕਿ ਉਨ੍ਹਾਂ ਨੇ ਥੋੜ੍ਹਾ ਜਿਹਾ ਵਾਰਮ-ਅਪ ਕੀਤਾ ਤੇ ਫਿਰ ਫ਼ੈਸਲਾ ਕੀਤਾ ਕਿ ਉਹ ਖੇਡਣਾ ਜਾਰੀ ਨਹੀਂ ਰੱਖ ਸਕੇਗੀ। ਉਨ੍ਹਾਂ ਦੇ ਪੈਰ ਦੇ ਪਿਛਲੇ ਹਿੱਸੇ ਵਿਚ ਗਿੱਟੇ ਤਕ ਜਾਣ ਵਾਲੀਆਂ ਮਾਸਪੇਸ਼ੀਆਂ ‘ਚ ਸੱਟ ਲੱਗੀ ਹੈ।
ਉਨ੍ਹਾਂ ਨੇ ਰੋਲਾਂ ਗੈਰਾਂ ਵਿਚ ਦੂਜੇ ਗੇੜ ਵਿਚ ਸਵੇਤਾਨਾ ਪਿਰੋਨਕੋਵਾ ਨਾਲ ਭਿੜਨਾ ਸੀ। ਸੇਰੇਨਾ ਨੇ ਕਿਹਾ ਕਿ ਲਗਦਾ ਹੈ ਕਿ ਮੈਨੂੰ ਚਾਰ ਤੋਂ ਛੇ ਹਫ਼ਤਿਆਂ ਤਕ ਆਰਾਮ ਕਰਨਾ ਪਵੇਗਾ। ਯੂਐੱਸ ਓਪਨ ਤੋਂ ਬਾਅਦ ਮੇਰੇ ਗਿੱਟੇ ਨੂੰ ਠੀਕ ਹੋਣ ਦਾ ਸਮਾਂ ਨਹੀਂ ਮਿਲਿਆ।
ਮੇਰੀ ਇਸ ਸਾਲ ਹੋਰ ਕੋਈ ਟੂਰਨਾਮੈਂਟ ਖੇਡਣ ਦੀ ਸੰਭਾਵਨਾ ਲਗਭਗ ਨਹੀਂ ਹੈ। ਮੈਨੂੰ ਪੈਦਲ ਤੁਰਨ ਵਿਚ ਵੀ ਪਰੇਸ਼ਾਨੀ ਹੋ ਰਹੀ ਹੈ ਤੇ ਮੈਨੂੰ ਠੀਕ ਹੋਣ ਦੀ ਕੋਸ਼ਿਸ਼ ਕਰਨੀ ਪਵੇਗੀ। ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਦੇ ਹੋਰ ਮੁਕਾਬਲਿਆਂ ਵਿਚ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਅੰਨਾ ਕਾਰੋਲੀਨਾ ਸ਼ਮੀਦਲੋਵਾ ਨੂੰ ਸਿੱਧੇ ਸੈੱਟਾਂ ਵਿਚ 6-2, 6-2 ਨਾਲ ਮਾਤ ਦਿੱਤੀ ਤੇ ਇਸ ਦੌਰਾਨ ਉਨ੍ਹਾਂ ਨੇ ਸਿਰਫ਼ ਚਾਰ ਗੇਮਾਂ ਹੀ ਗੁਆਈਆਂ।ਅਮਰੀਕੀ ਖਿਡਾਰੀ ਅਮਾਂਡਾ ਏਨੀਸੀਮੋਵ ਨੇ ਹਮਵਤਨ ਬਰਨਾਰਡ ਪੇਰਾ ਨੂੰ ਆਸਾਨੀ ਨਾਲ 6-2, 6-0 ਨਾਲ ਹਰਾ ਕੇ ਅਗਲਾ ਰਾਹ ਸਾਫ਼ ਕੀਤਾ। ਰੂਸ ਦੀ ਏਕਟਰੀਨਾ ਏਲੇਕਜੇਂਡਰੋਵਾ ਨੇ ਆਸਟ੍ਰੇਲੀਆਈ ਖਿਡਾਰਨ ਏਸਟ੍ਰਾ ਸ਼ਰਮਾ ਨੂੰ 6-3, 6-3 ਨਾਲ ਮਾਤ ਦਿੱਤੀ।