ਪੰਜਾਬ ਦੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਹੱਦੀ ਜ਼ਿਲ੍ਹਿਆਂ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ, ਕਿਉਂਕਿ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਦੋ ਮਸ਼ਕੂਕ ਅਤਿਵਾਦੀਆਂ ਦੇ ਪਠਾਨਕੋਟ ਵਿੱਚ ਦਾਖਲ ਹੋਣ ਦੀ ਸੂਹ ਮਿਲੀ ਹੈ। ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਕੋਟ ਭਥੀਆਂ ਪਿੰਡ ਦੇ ਵਾਸੀ ਨੇ ਅੱਧੀ ਰਾਤ ਦੇ ਕਰੀਬ ਕੰਟਰੋਲ ਰੂਮ ਸੂਚਨਾ ਦਿੱਤੀ ਕਿ ਦੋ ਨਕਾਬਪੋਸ਼, ਜੋ ਭਾਰੀ ਹਥਿਆਰਾਂ ਨਾਲ ਲੈਸ ਸਨ, ਉਸ ਦੇ ਫਾਰਮ ਹਾਊਸ ਅੰਦਰ ਜਬਰੀ ਦਾਖ਼ਲ ਹੋ ਗਏ। ਉਸ ਨੇ ਦੱਸਿਆ, ‘ਹਥਿਆਬੰਦ ਬੰਦਿਆਂ ਨੇ ਮੇਰੇ ਸਿਰ ’ਤੇ ਬੰਦੂਕ ਤਾਣ ਦਿੱਤੀ ਤੇ ਮੈਨੂੰ ਰਾਤ ਦਾ ਖਾਣਾ ਤਿਆਰ ਕਰਨ ਲਈ ਕਿਹਾ। ਇੱਕ ਵਾਰ ਜਦੋਂ ਉਨ੍ਹਾਂ ਨੇ ਰਾਤ ਦਾ ਖਾਣਾ ਖਾ ਲਿਆ, ਉਹ ਮੇਰਾ ਘਰ ਛੱਡ ਕੇ ਪਠਾਨਕੋਟ ਵੱਲ ਚਲੇ ਗਏ।’ ਪੁਲੀਸ ਵੱਲੋਂ ਉਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਪਠਾਨਕੋਟ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਗੁਰਦਾਸਪੁਰ ਦੇ ਪੁਲੀਸ ਮੁਖੀ ਹਰੀਸ਼ ਦਿਆਮਾ ਨੇ ਵੀ ਪੁਲੀਸ ਲਾਈਨਜ਼ ਵਿੱਚ ਪਹੁੰਚ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਮੂਹ ਐੱਸਐੱਚਓਜ਼ ਨਾਲ ਮੀਟਿੰਗ ਕੀਤੀ। ਗੁਰਦਾਸਪੁਰ, ਧਾਰੀਵਾਲ, ਦੀਨਾਨਗਰ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਗੁਰਦਾਸਪੁਰ-ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ‘ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਟਾਲਾ ਪੁਲੀਸ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਥਲ ਸੈਨਾ ਅਤੇ ਬੀਐੱਸਐੱਫ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਮਾਮੂਨ ਛਾਉਣੀ ਅਤੇ ਪਠਾਨਕੋਟ ਏਅਰ ਫੋਰਸ ਸਟੇਸ਼ਨ ਨੂੰ ਵੀ ਸੁਰੱਖਿਅਤ ਕਰ ਲਿਆ ਗਿਆ ਹੈ।