ਹਨੇਰੇ ਚ ਘਿਰੀ ਪੂਰਨਮਾਸ਼ੀ
ਨਾਨਕ ਬਾਬੇ ਦੇ
ਪ੍ਰਕਾਸ਼ ਉਤਸਵ ਤੇ
ਗੁਰੂਦੁਆਰੇ ਜਾਣ ਦਾ ਮਨ ਸੀ
ਇਸ਼ਨਾਨ ਕੀਤਾ
ਦੋ ਘੜੀ ਬਾਬੇ ਦੀ ਬਾਣੀ ਪੜ੍ਹੀ
ਧਿਆਨ ਧਰਿਆ
ਗੁਰੂਦੁਆਰੇ ਜਾਣ ਲਈ
ਸਫ਼ਰ ਸ਼ੁਰੂ ਕਰਿਆ
ਜ਼ਿਹਨ ਵਿੱਚ ਗੁਰੂ ਬਾਬੇ ਦੇ
ਜੀਵਨ ਦੀ ਰੀਲ ਚੱਲੀ
ਪੱਥਰ ਹੋਏ ਆਪੇ ਵਿੱਚ
ਜ਼ਿੰਦਗੀ ਦੀ ਰੀਝ ਹੱਲੀ
ਬਾਬੇ ਦੇ ਸਫ਼ਰ ਬਾਰੇ ਸੋਚਦਾ
ਗੁਰੂਦੁਆਰੇ ਪੁੱਜਾ
ਅਜਬ ਵਰਤਾਰਾ ਸੀ
ਮਰਦਾਨਾ
ਬਾਹਰ ਜੋੜਿਆਂ ਵਾਲੇ
ਰੱਖਣੇ ਚ ਬੈਠਾ ਸੀ
ਅੰਦਰ ਗਿਆ
ਡੰਡੌਤ ਕਰ ਮੁੜ ਰਿਹਾ
ਕੌਡਾ ਰਾਖਸ਼ ਮੱਥੇ ਲੱਗਦਾ ਹੈ
ਬਾਬਰ ਲਹਿਰਾ ਰਿਹਾ ਚੌਰ ਸੀ
ਅੰਦਰ ਮੇਰਾ ਨਾਨਕ ਨਹੀਂ
ਕੋਈ ਹੋਰ ਸੀ
ਲੰਗਰ ਦਾ ਨਿਜ਼ਾਮ
ਮਲਕ ਭਾਗੋ ਦੇ ਹੱਥ ਸੀ
ਉਦਾਸ ਕਦਮੀਂ ਬਾਹਰ ਨਿਕਲਿਆ
ਗੁਰੂਦੁਆਰੇ ਦੇ
ਆਲੀਸ਼ਾਨ ਗੇਟ ਦੇ ਬਾਹਰ
ਫਟੇ ਕੱਪੜਿਆਂ ‘ਚ
ਲੰਗਰ ਖੁੱਲਣ ਦੀ ਉਡੀਕ ਕਰ ਰਹੇ
“ਅੱਤ ਨੀਚਾਂ” ਵਿੱਚ
ਸ਼ਬਦ ਗਾਉਂਦਾ ਇੱਕ ਦਰਵੇਸ਼
ਮੁਸਕੁਰਾ ਰਿਹਾ ਸੀ
ਹੌਲੇ ਹੌਲੇ
ਮੈਂ ਮਲਕੜੇ ਜਿਹੇ
ਉਸ ਦਰਵੇਸ਼ ਦੇ
ਪਿਛਲੇ ਪਾਸੇ
ਜਾ ਖੜਾ ਹੁੰਦਾ ਹਾਂ
ਤੇ ਮਨਾ ਰਿਹਾ ਹਾਂ
ਆਪਣੇ ਗੁਰੂ ਬਾਬੇ ਦਾ ਪ੍ਰਕਾਸ਼ ਉਤਸਵ
ਹਰਮੀਤ ਵਿਦਿਆਰਥੀ