ਨਵੀਂ ਦਿੱਲੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਦੋ ਓਲੰਪਿਕ ਤਗ਼ਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਤੇ ਸ਼ਤਰੰਜ ਵਿਸ਼ਵ ਚੈਂਪੀਅਨ ਡੀ ਗੁਕੇਸ਼ ਅੱਜ ਇੱਥੇ ਕੌਮੀ ਖੇਡ ਪੁਰਸਕਾਰ ਸਮਾਰੋਹ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਜਦੋਂ ਮੇਜਰ ਧਿਆਨਚੰਦ ਖੇਡ ਰਤਨ ਸਨਮਾਨ ਲੈਣ ਪੁੱਜੇ ਤਾਂ ਤਾੜੀਆਂ ਦੀ ਆਵਾਜ਼ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਉੱਚੀ ਛਾਲ ਦੇ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਦੇਸ਼ ਦਾ ਸਭ ਤੋਂ ਉੱਚਾ ਖੇਡ ਰਤਨ ਸਨਮਾਨ ਇੱਥੇ ਰਾਸ਼ਟਰਪਤੀ ਭਵਨ ਵਿੱਚ ਪ੍ਰਦਾਨ ਕੀਤਾ ਗਿਆ। ਹਰਮਨਪ੍ਰੀਤ ਟੋਕੀਓ ਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਤਗ਼ਮਾ ਜਿੱਤਣ ਵਾਲੀ ਹਾਕੀ ਟੀਮ ਦਾ ਮੈਂਬਰ ਸੀ। ਪੈਰਿਸ ਓਲੰਪਿਕ ਵਿੱਚ ਉਹ ਟੀਮ ਦਾ ਕਪਤਾਨ ਵੀ ਸੀ।
ਦੂਜੇ ਪਾਸੇ ਖੱਬੇ ਪੈਰ ਵਿੱਚ ਨੁਕਸ ਦੇ ਨਾਲ ਪੈਦਾ ਹੋਏ ਪ੍ਰਵੀਨ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਪੈਰਿਸ ਵਿੱਚ ਉਸ ਨੂੰ ਸੋਨੇ ਵਿੱਚ ਬਦਲਿਆ। ਇਸ ਵਾਰ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ ਜਿਨ੍ਹਾਂ ’ਚੋਂ 17 ਪੈਰਾ ਅਥਲੀਟ ਹਨ। ਅਰਜੁਨ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਪੁਰਸ਼ ਹਾਕੀ ਟੀਮ ਦੇ ਮੈਂਬਰ ਜਰਮਨਜੀਤ ਸਿੰਘ, ਸੁਖਜੀਤ ਸਿੰਘ, ਸੰਜੇ ਤੇ ਅਭਿਸ਼ੇਕ ਤੋਂ ਇਲਾਵਾ ਨਿਸ਼ਾਨੇਬਾਜ਼ ਸਰਬਜੋਤ ਸਿੰਘ, ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਤੇ ਪਹਿਲਵਾਨ ਅਮਨ ਸਹਿਰਾਵਤ ਸ਼ਾਮਲ ਹਨ।