ਕੁਦਰਤ ਤੇ ਹਰਿਆਲੀ ਤੋਂ ਦੂਰੀ ਜ਼ਿੰਦਗੀ ’ਤੇ ਕਿੰਨਾ ਬੁਰਾ ਅਸਰ ਕਰ ਸਕਦੀ ਹੈ, ਇਹ ਜਾਣਦੇ ਹੋਏ ਵੀ ਲੋਕ ਮਹਾਨਗਰਾਂ ’ਚ ਰਹਿਣ ਲਈ ਮਜਬੂਰ ਹਨ। ਇਸਨੂੰ ਦੇਖਦੇ ਹੋਏ ਲੰਡਨ ਦੀ ਇਕ ਯੂਨੀਵਰਸਿਟੀ ’ਚ ਰਿਸਰਚ ਕੀਤੀ ਗਈ, ਜਿਸਦੇ ਨਤੀਜੇ ਦੱਸਦੇ ਹਨ ਕਿ ਹਰਿਆਲੀ ਸਰੀਰਕ ਵਿਕਾਸ ਲਈ ਤਾਂ ਫਾਇਦੇਮੰਦ ਹੈ ਹੀ ਮਾਨਸਿਕ ਵਿਕਾਸ ’ਚ ਵੀ ਇਸਦੀ ਅਹਿਮ ਭੂਮਿਕਾ ਹੈ।
ਹਰਿਆਲੀ ’ਚ ਰਹਿਣ ਦਾ ਸਿਹਤ ’ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਨਾਲ ਤਨ ਤੇ ਮਨ ਦੋਵਾਂ ਨੂੰ ਲਾਭ ਹੁੰਦਾ ਹੈ। ਹੁਣ ਅਜਿਹੇ ਮਾਹੌਲ ਦਾ ਬੱਚਿਆਂ ਦੀ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਇਕ ਅਧਿਐਨ ਕੀਤਾ ਗਿਆ ਹੈ। ਇਸਦਾ ਦਾਅਵਾ ਹੈ ਕਿ ਦਰੱਖਤਾਂ ਨੇੜੇ ਰਹਿਣ ਨਾਲ ਬੱਚਿਆਂ ਦਾ ਦਿਮਾਗੀ ਵਿਕਾਸ ਬਿਹਤਰ ਹੋ ਸਕਦਾ ਹੈ। ਇਸ ਨਾਲ ਨਾ ਸਿਰਫ਼ ਦਿਮਾਗ ਤੇਜ਼ ਹੋ ਸਕਦਾ ਹੈ, ਬਲਕਿ ਭਾਵਨਾਤਮਕ ਅਤੇ ਵਿਵਹਾਰ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।
ਬਿ੍ਰਟੇਨ ਦੀ ਯੂਨੀਵਰਸਿਟੀ ਕਾਲਜ ਲੰਡਨ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਕਿਹਾ ਕਿ ਅਧਿਆਇ ਦੇ ਇਸ ਨਤੀਜੇ ਨਾਲ ਸ਼ਹਿਰੀ ਖੇਤਰਾਂ ’ਚ ਹਰਿਆਲੀ ਵਧਾਉਣ ਸਬੰਧੀ ਫੈਸਲਾ ਲੈਣ ’ਚ ਮਦਦ ਮਿਲ ਸਕਦੀ ਹੈ। ਇਹ ਨਤੀਜਾ ਲੰਡਨ ਦੇ 31 ਸਕੂਲਾਂ ’ਚ ਪੜ੍ਹਨ ਵਾਲੇ 9 ਤੋਂ 15 ਸਾਲ ਦੀ ਉਮਰ ਦੇ 3,568 ਬੱਚਿਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਕੱਢਿਆ ਗਿਆ ਹੈ। ਬੱਚਿਆਂ ਦੀ ਉਮਰ ਦਾ ਇਹ ਇਕ ਅਜਿਹਾ ਦੌਰ ਹੁੰਦਾ ਹੈ, ਜਦੋਂ ਉਨ੍ਹਾਂ ’ਚ ਸੋਚਣ, ਸਮਝਣ ਅਤੇ ਵਿਚਾਰ ਕਰਨ ਦੀਆਂ ਸਮਰੱਥਾਵਾਂ ਦਾ ਵਿਕਾਸ ਹੁੰਦਾ ਹੈ।
Nature Sustainibility Magazine ’ਚ ਪ੍ਰਕਾਸ਼ਿਤ ਅਧਿਐਨ ’ਚ ਸ਼ਹਿਰਾਂ ’ਚ ਕੁਦਰਤੀ ਮਾਹੌਲ ਦਾ ਬੱਚਿਆਂ ਦੇ ਦਿਮਾਗੀ ਵਿਕਾਸ, ਮਾਨਸਿਕ ਸਿਹਤ ’ਤੇ ਪੈਣ ਵਾਲੇ ਕੁੱਲ ਪ੍ਰਭਾਵ ’ਤੇ ਗ਼ੌਰ ਕੀਤਾ ਗਿਆ ਹੈ।
