ਭਾਰਤੀ ਹਵਾਈ ਫ਼ੌਜ ਦੇ ਇੱਕ ਜਵਾਨ ਦੀ ਅੱਜ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਸ ਦੀ ਕਨਪਟੀ ਉੱਤੇ ਲੱਗੀ। ਹਵਾਈ ਫ਼ੌਜ ਦਾ ਇਹ ਜਵਾਨ ਆਪਣੇ ਇੱਕ ਸਾਥੀ ਨਾਲ ਆਂਵਲਾ ਤੋਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਹਲਵਾਰਾ ਏਅਰਬੇਸ ਜਾ ਰਿਹਾ ਸੀ।
ਰੇਲਵੇ ਪੁਲਿਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਕੇ ਚੱਲ ਰਹੀ ਹੈ। ਤਫ਼ਤੀਸ਼ ਦੌਰਾਨ ਪਤਾ ਚੱਲਿਆ ਹੈ ਕਿ ਗੋਲੀ ਏਅਰਫ਼ੋਰਸ ਜਵਾਨ ਦੀ ਸਰਵਿਸ ਕਾਰਬਾਈਨ ’ਚੋਂ ਚੱਲੀ ਸੀ। ਰੇਲਵੇ ਪੁਲਿਸ ਦੇ ਸੀਓ ਅਨੁਰਾਗ ਦਰਸ਼ਨ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਲੁਲਮ ਦੇ ਨਿਵਾਸੀ ਵੈਂਕਟੇਸ਼ ਬੁਰਲਾ (23) ਹਲਵਾਰਾ ਏਅਰਫ਼ੋਰਸ ਬੇਸ ਵਿੱਚ ਲੀਡਿੰਗ ਏਅਰਕ੍ਰਾਫ਼ਟ ਮੈਨ ਦੇ ਅਹੁਦੇ ਉੱਤੇ ਤਾਇਨਾਤ ਸਨ। ਕਾਰਪੋਰਲ ਅਰੁਣ ਕੁਮਾਰ ਯਾਦਵ ਨਾਲ ਗੋਲੀ–ਸਿੱਕਾ ਲੈ ਕੇ ਸਰਕਾਰੀ ਦੌਰੇ ਉੱਤੇ ਆਂਵਲਾ ਗਏ ਸਨ। ਉੱਥੋਂ ਪਰਤਦੇ ਸਮੇਂ ਧੌਲਪੁਰ ਰੇਲਵੇ ਸਟੇਸ਼ਨ ਤੋਂ ਪਹਿਲਾਂ ਇਹ ਘਟਨਾ ਵਾਪਰੀ।
ਅਰੁਣ ਕੁਮਾਰ ਯਾਦਵ ਤੇ ਵੈਂਕਟੇਸ਼ ਕੋਚ ਐੱਚਏ–1 ਵਿੱਚ ਸਵਾਰ ਸਨ। ਅਰੁਣ ਬਰਥ ਨੰਬਰ ਇੱਕ ’ਤੇ ਸਨ ਤੇ ਵੈਂਕਟੇਸ਼ ਉਪਰਲੀ ਬਰਥ ਨੰਬਰ ਦੋ ਉੱਤੇ ਪਏ ਸਨ। ਧੌਲਪੁਰ ਸਟੇਸ਼ਨ ਤੋਂ ਪਹਿਲਾਂ ਅਚਾਨਕ ਕੋਚ ਵਿੱਚ ਤੇਜ਼ ਆਵਾਜ਼ ਆਈ। ਇੰਝ ਲੱਗਾ ਕਿ ਜਿਵੇਂ ਕਿਸੇ ਨੇ ਸ਼ੀਸ਼ੇ ਉੱਤੇ ਪੱਥਰ ਮਾਰਿਆ ਹੈ।
ਉਂਝ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਜੇ ਫ਼ੌਜੀ ਜਵਾਨ ਨੇ ਖ਼ੁਦਕੁਸ਼ੀ ਕੀਤੀ ਸੀ, ਤਾਂ ਉਸ ਦਾ ਕਾਰਨ ਕੀ ਸੀ।