ਢਾਕਾ-ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਹਸੀਨਾ ਦੇ ਪਰਿਵਾਰਕ ਮੈਂਬਰਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਅਵਾਮੀ ਲੀਗ ਦੇ ਆਗੂਆਂ ਦੇ ਘਰਾਂ ਨੂੰ ਢਾਹ ਦਿੱਤਾ। ਇਸ ਦੌਰਾਨ ਉਨ੍ਹਾਂ ਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਦੇ ਕੰਧ-ਚਿੱਤਰਾਂ ਦੀ ਬੇਅਦਬੀ ਵੀ ਕੀਤੀ ਹੈ।
ਇਥੇ ਹਸੀਨਾ ਦੇ ਲਾਈਵ ਆਨਲਾਈਨ ਸੰਬੋਧਨ ਤੋਂ ਬਾਅਦ ਮਾਹੌਲ ਵਿਗੜ ਗਿਆ। ਕਈ ਹਜ਼ਾਰ ਲੋਕਾਂ ਨੇ ਰਾਜਧਾਨੀ ਦੇ ਧਨਮੰਡੀ ਖੇਤਰ ਵਿੱਚ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ ਦੇ ਘਰ ਦੇ ਸਾਹਮਣੇ ਰੈਲੀ ਕੀਤੀ, ਜਿਸ ਨੂੰ ਪਹਿਲਾਂ ਇੱਕ ਯਾਦਗਾਰ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੱਕ ਖੁਦਾਈ ਕਰਨ ਵਾਲੇ ਨੇ ਰਿਹਾਇਸ਼ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।
ਵੀਰਵਾਰ ਸਵੇਰੇ ਵੀ ਘਰ ਢਾਹੁਣ ਦਾ ਕੰਮ ਜਾਰੀ ਸੀ। ‘ਡੇਲੀ ਸਟਾਰ’ ਅਖਬਾਰ ਦੀ ਰਿਪੋਰਟ ਅਨੁਸਾਰ ਬੁੱਧਵਾਰ ਦੇਰ ਰਾਤ ਧਨਮੰਡੀ ਦੇ ਰੋਡ 5 ’ਤੇ ਸਥਿਤ ਹਸੀਨਾ ਦੇ ਸੁਧਾ ਸਦਨ ਦੇ ਘਰ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ। 5 ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ਤੋਂ ਬਾਅਦ ਤੋਂ ਸੁਧਾ ਸਦਨ ਪੂਰੀ ਤਰ੍ਹਾਂ ਖਾਲੀ ਹੋ ਗਿਆ ਸੀ।
ਪ੍ਰਦਰਸ਼ਨਕਾਰੀਆਂ ਨੇ ਹਸੀਨਾ ਦੇ ਚਚੇਰੇ ਭਰਾਵਾਂ ਸ਼ੇਖ ਹੇਲਾਲ ਉੱਦੀਨ ਅਤੇ ਸ਼ੇਖ ਸਲਾਉਦੀਨ ਜਵੇਲ ਦੇ ਖੁਲਨਾ ਸਥਿਤ ਘਰ ਨੂੰ ਵੀ ਢਾਹ ਦਿੱਤਾ। ਹਜ਼ਾਰਾਂ ਲੋਕ ਘਰ ਦੇ ਆਲੇ ਦੁਆਲੇ ਇਕੱਠੇ ਹੋਏ ਅਤੇ ਨਾਅਰੇ ਲਗਾ ਰਹੇ ਸਨ। ਖੁਲਨਾ ਮੈਟਰੋਪੋਲਿਟਨ ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਹਿਸਾਨ ਹਬੀਬ ਨੇ ‘ਡੇਲੀ ਸਟਾਰ’ ਨੂੰ ਦੱਸਿਆ, “ਮੈਂ ਫੇਸਬੁੱਕ ’ਤੇ ਘਟਨਾ ਦੀ ਖ਼ਬਰ ਦੇਖੀ ਹੈ, ਪਰ ਮੇਰੇ ਕੋਲ ਹੋਰ ਜਾਣਕਾਰੀ ਨਹੀਂ ਹੈ।”
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚ ਮਾਹੌਲ ਵਿਗੜਨ ਤੋਂ ਬਾਅਦ 77 ਸਾਲਾ ਹਸੀਨਾ ਪਿਛਲੇ ਸਾਲ 5 ਅਗਸਤ ਤੋਂ ਭਾਰਤ ਵਿੱਚ ਰਹਿ ਰਹੀ ਹੈ। ਹਸੀਨਾ ਦੇ ਪਿਤਾ ਨੂੰ ਮੁਲਕ ਦੀ ਆਜ਼ਾਦੀ ਦੇ ਨਾਇਕ ਵਜੋਂ ਦੇਖਿਆ ਜਾਂਦਾ ਹੈ। ਇੱਕ ਫੇਸਬੁੱਕ ਲਾਈਵਸਟ੍ਰੀਮ ਵਿੱਚ ਹਸੀਨਾ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਨਿਆਂ ਦੀ ਮੰਗ ਕੀਤੀ।
ਉਨ੍ਹਾਂ ਕਿਹਾ, ‘‘ਉਹ ਇੱਕ ਇਮਾਰਤ ਨੂੰ ਢਾਹ ਸਕਦੇ ਹਨ, ਪਰ ਉਹ ਇਤਿਹਾਸ ਨੂੰ ਨਹੀਂ ਮਿਟਾ ਸਕਦੇ।’’ ਬੰਗਲਾਦੇਸ਼ ਦੇ ਕੌਮਾਂਤਰੀ ਟ੍ਰਿਬਿਊਨਲ (ਆਈਸੀਟੀ) ਨੇ ਹਸੀਨਾ ਅਤੇ ਕਈ ਸਾਬਕਾ ਕੈਬਨਿਟ ਮੰਤਰੀਆਂ, ਸਲਾਹਕਾਰਾਂ ਅਤੇ ਫੌਜੀ ਅਤੇ ਸਿਵਲ ਅਧਿਕਾਰੀਆਂ ਖ਼ਿਲਾਫ਼ ਮਨੁੱਖਤਾ ਵਿਰੁੱਧ ਅਪਰਾਧ ਅਤੇ ਨਸਲਕੁਸ਼ੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।