ਚੰਡੀਗੜ੍ਹ-ਚੰਡੀਗੜ੍ਹ ਵਿੱਚ ਮੇਅਰ ਚੋਣਾਂ 29 ਜਨਵਰੀ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੇਅਰ ਦੀ ਚੋਣ ਮਿਤੀ ਬਾਰੇ ਜਾਰੀ ਨੋਟੀਫਿਕੇਸ਼ਨ ਅਤੇ ਚੋਣ ਪ੍ਰਕਿਰਿਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਹਾਲਾਂਕਿ ਅੱਜ ਜਿਸ ਸਮੇਂ ਅਦਾਲਤ ਦਾ ਫੈਸਲਾ ਆਇਆ, ਉਸ ਸਮੇਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਨ ਲਈ ਨਗਰ ਨਿਗਮ ਦਫਤਰ ਵਿੱਚ ਪਹੁੰਚ ਗਏ ਸਨ। ਪ੍ਰਸ਼ਾਸਨ ਵੱਲੋਂ 24 ਜਨਵਰੀ ਨੂੰ ਕਰਵਾਈਆਂ ਜਾਣ ਵਾਲੀਆਂ ਚੋਣਾਂ ਨੂੰ ਲੈ ਕੇ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ 20 ਜਨਵਰੀ ਨੂੰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਸੀ। ਭਾਜਪਾ ਵੱਲੋਂ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਸਨ। ਉਧਰ ਇਨ੍ਹਾਂ ਚੋਣਾਂ ਨੂੰ ਲੈ ਕੇ ਹਾਈ ਕੋਰਟ ਵਿੱਚ ਦਾਖਲ ਪਟੀਸ਼ਨ ’ਤੇ ਅੱਜ ਸੁਣਵਾਈ ਦੌਰਾਨ ਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਮਾਮਲੇ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ 24 ਜਨਵਰੀ ਨੂੰ ਨਿਗਮ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਰੱਦ ਕਰ ਦਿੱਤਾ।
ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਚੋਣਾਂ 29 ਜਨਵਰੀ ਤੋਂ ਬਾਅਦ ਕਰਵਾਈਆਂ ਜਾਣ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੱਥ ਖੜ੍ਹੇ ਕਰਕੇ ਚੋਣਾਂ ਕਰਵਾਉਣ ਦੇ ਮਾਮਲੇ ਦੀ ਵਿਵਸਥਾ ਬਾਰੇ ਵੀ ਸੋਚ ਵਿਚਾਰ ਕਰਨ ਲਈ ਕਿਹਾ ਗਿਆ ਹੈ। ਆਮ ਆਦਮੀ ਪਾਰਟੀ ਦੇ ਮੌਜੂਦਾ ਮੇਅਰ ਕੁਲਦੀਪ ਕੁਮਾਰ ਵੱਲੋਂ ਹਾਈ ਕੋਰਟ ਵਿੱਚ ਦਾਇਰ ਪਟੀਸ਼ਨਾਂ ਵਿੱਚ ਦੋ ਦਲੀਲਾਂ ਦਿੱਤੀਆਂ ਗਈਆਂ ਸਨ। ਜਿਨ੍ਹਾਂ ਵਿੱਚੋਂ ਇੱਕ ਚੋਣ ਦੀ ਮਿਤੀ ਨਾਲ ਸਬੰਧਤ ਸੀ। ਮੇਅਰ ਕੁਲਦੀਪ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਕਾਰਜਕਾਲ ਫਰਵਰੀ ਤੱਕ ਹੈ ਪਰ ਪਹਿਲਾਂ ਚੋਣਾਂ ਕਰਵਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਦਾਲਤ ਨੇ ਸਾਰੀਆਂ ਦਲੀਲਾਂ ਸੁਣੀਆਂ। ਮੇਅਰ ਨੇ ਦਲੀਲ ਦਿੱਤੀ ਕਿ ਉਨ੍ਹਾਂ 20 ਫਰਵਰੀ, 2024 ਨੂੰ ਬਤੌਰ ਮੇਅਰ ਅਹੁਦਾ ਸੰਭਾਲਿਆ ਸੀ। ਇਸ ਸਾਲ 24 ਜਨਵਰੀ ਨੂੰ ਚੋਣਾਂ ਕਾਰਨ ਉਨ੍ਹਾਂ ਦਾ ਇੱਕ ਸਾਲ ਦਾ ਕਾਰਜਕਾਲ ਖਤਮ ਨਹੀਂ ਹੋ ਰਿਹਾ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਪਿਛਲੇ ਸਾਲ ਮੇਅਰ ਦੀ ਚੋਣ 30 ਜਨਵਰੀ ਨੂੰ ਹੋਈ ਸੀ। ਜਦੋਂ ਕਿ ਸੁਪਰੀਮ ਕੋਰਟ ਨੇ ਫਰਵਰੀ ਮਹੀਨੇ ਵਿੱਚ ਆਪਣਾ ਫੈਸਲਾ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਮੇਅਰ ਦਾ ਕਾਰਜਕਾਲ 29 ਜਨਵਰੀ ਤੱਕ ਰੱਖਿਆ ਗਿਆ ਹੈ। ਪ੍ਰਸ਼ਾਸਨ ਨੂੰ ਦੱਸਿਆ ਗਿਆ ਹੈ ਕਿ ਚੋਣਾਂ 29 ਤਰੀਕ ਤੋਂ ਬਾਅਦ ਹੋ ਸਕਦੀਆਂ ਹਨ। ਮੇਅਰ ਦੀ ਚੋਣ ਹੱਥ ਖੜ੍ਹੇ ਕਰਕੇ ਕਰਵਾਉਣ ਤੇ ਚੋਣ ਪ੍ਰਕਿਰਿਆ ਲਈ ਅਦਾਲਤ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਇਸ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਇੰਡੀਆ ਗੱਠਜੋੜ ਤਹਿਤ ਰਲ ਕੇ ਚੋਣ ਲੜਨਗੇ ਕਾਂਗਰਸ ਤੇ ‘ਆਪ’-ਇਸ ਵਾਰ ਵੀ ਕਾਂਗਰਸ ਤੇ ਆਪ ਵਿਚਾਲੇ ਇੰਡੀਆ ਗੱਠਜੋੜ ਤਹਿਤ ਮੇਅਰ ਦੀ ਚੋਣ ਸਾਂਝੇ ਤੌਰ ’ਤੇ ਲੜੀ ਜਾ ਰਹੀ ਹੈ ਜਿਸ ਤਹਿਤ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਪਾਰਟੀ ਵਲੋਂ ਆਪੋ ਆਪਣੇ ਉਮੀਦਵਾਰ ਉਤਾਰੇ ਜਾਣਗੇ। ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੇ ਸਾਂਝੇ ਤੌਰ ’ਤੇ ਚੋਣ ਲੜੀ ਸੀ ਪਰ ਭਾਜਪਾ ਨੇ ਆਪਣਾ ਮੇਅਰ ਬਣਾ ਦਿੱਤਾ ਸੀ ਜਿਸ ’ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀ ਕਿ ਚੋਣ ਅਧਿਕਾਰੀ ਦੀ ਕਥਿਤ ਹੇਰਾਫੇਰੀ ਕਾਰਨ ਭਾਜਪਾ ਨੇ ਚੋਣ ਜਿੱਤੀ ਹੈ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪੁੱਜਿਆ ਸੀ ਜਿਸ ਵਿਚ ਇਹ ਸਾਬਤ ਹੋਇਆ ਸੀ ਕਿ ਭਾਜਪਾ ਅਧਿਕਾਰੀ ਦੀ ਹੇਰਾਫੇਰੀ ਕਾਰਨ ਚੋਣ ਪ੍ਰਭਾਵਿਤ ਹੋਈ ਹੈ ਤੇ ਬਾਅਦ ਵਿਚ ‘ਆਪ’ ਦਾ ਮੇਅਰ ਜੇਤੂ ਐਲਾਨਿਆ ਗਿਆ ਸੀ।
ਭਾਜਪਾ ਨੇ ਹਰਪ੍ਰੀਤ ਬਬਲਾ ਨੂੰ ਮੇਅਰ ਉਮੀਦਵਾਰ ਬਣਾਇਆ-ਉਧਰ ਕੋਰਟ ਦੀ ਸੁਣਵਾਈ ਦੇ ਫੈਸਲੇ ਤੋਂ ਪਹਿਲਾਂ ਕੌਂਸਲਰ ਹਰਪ੍ਰੀਤ ਬਬਲਾ ਨੂੰ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ। ਬਿਮਲਾ ਦੂਬੇ ਸੀਨੀਅਰ ਡਿਪਟੀ ਮੇਅਰ ਅਤੇ ਲਖਬੀਰ ਸਿੰਘ ਬਿੱਲੂ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਹਨ। ਦੂਜੇ ਪਾਸੇ, ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਲਈ ਜਸਬੀਰ ਬੰਟੀ ਅਤੇ ਡਿਪਟੀ ਮੇਅਰ ਲਈ ਤਰੁਣਾ ਮਹਿਤਾ ਦਾ ਨਾਮ ਫਾਈਨਲ ਕਰ ਲਿਆ ਹੈ। ਆਮ ਆਦਮੀ ਪਾਰਟੀ ਜਲਦੀ ਹੀ ਮੇਅਰ ਦੇ ਅਹੁਦੇ ਲਈ ਨਾਮ ਦਾ ਐਲਾਨ ਕਰੇਗੀ। ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਜਨਤਾ ਵੋਟ ਨਹੀਂ ਪਾਉਂਦੀ। ਇਸ ਚੋਣ ਵਿੱਚ ਜਨਤਾ ਦੁਆਰਾ ਚੁਣੇ ਗਏ ਕੌਂਸਲਰ ਵੋਟ ਪਾ ਕੇ ਸ਼ਹਿਰ ਦੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਦੇ ਹਨ, ਇੱਕ ਵੋਟ ਸਥਾਨਕ ਸੰਸਦ ਮੈਂਬਰ ਦੀ ਵੀ ਹੁੰਦੀ ਹੈ। ‘ਆਪ’ ਤੇ ਕਾਂਗਰਸ ‘ਇੰਡੀਆ’ ਗਠਜੋੜ ਹੇਠ ਸਾਂਝੇ ਤੌਰ ’ਤੇ ਚੋਣ ਲੜ ਰਹੀਆਂ ਹਨ।