ਬਰਤਾਨੀਆ ’ਚ ਜਨਮੇ ਅਲ ਕਾਇਦਾ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਨੂੰ ਪਾਕਿਸਤਾਨ ’ਚ ਕਰਾਚੀ ਦੀ ਜੇਲ੍ਹ ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ। ਉਹ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਨੂੰ ਅਗਵਾ ਕਰ ਕੇ ਉਨ੍ਹਾਂ ਦੀ ਹੱਤਿਆ ਕਰਨ ਦਾ ਦੋਸ਼ੀ ਹੈ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ 2020 ’ਚ ਉਸ ਨੂੰ ਹੈਰਾਨੀਜਨਕ ਤਰੀਕੇ ਨਾਲ ਬਰੀ ਕਰ ਦਿੱਤਾ ਗਿਆ ਪਰ ਅਮਰੀਕਾ ਦੇ ਦਬਾਅ ਦੇ ਚਲਦੇ ਉਸ ਨੂੰ ਜੇਲ੍ਹ ’ਚੋਂ ਰਿਹਾਅ ਨਹੀਂ ਕੀਤਾ ਗਿਆ।
ਦਿ ਵਾਲ ਸਟ੍ਰੀਟ ਜਨਰਲ ਅਖ਼ਬਾਰ ਦੇ ਦੱਖਣ ਏਸ਼ੀਆ ਦੇ ਬਿਊਰੋ ਚੀਫ ਪਰਲ (38) ਦੀ 2020 ’ਚ ਅਗਵਾ ਕਰ ਕੇ ਹੱਤਿਆ ਕੀਤੀ ਗਈ ਸੀ, ਜਦੋਂ ਉਹ ਪਾਕਿਸਤਾਨ ’ਚ ਸੀ। ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈ ਤੇ ਅਲ ਕਾਇਦਾ ਦੇ ਸਬੰਧਾਂ ’ਤੇ ਖੋਜਪੂਰਨ ਸਟੋਰੀ ਕਰ ਰਹੇ ਸੀ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਅਨੁਸਾਰ 48 ਸਾਲਾ ਸ਼ੇਖ ਨੂੰ ਵੀਰਵਾਰ ਸ਼ਾਮ ਸਖ਼ਤ ਸੁਰੱਖਿਆ ਦੇ ਵਿਚ ਹੈਲੀਕਾਪਟਰ ’ਚ ਕਰਾਚੀ ਤੋਂ ਲਾਹੌਰ ਲਿਆਂਦਾ ਗਿਆ। ਉਸ ਨੂੰ ਜੇਲ੍ਹ ’ਚ ਬਣੇ ਇਕ ਰੈਸਟ ਹਾਊਸ ’ਚ ਰੱਖਿਆ ਗਿਆ ਹੈ। ਪਤਾ ਚੱਲਿਆ ਹੈ ਕਿ ਰੈਸਟ ਹਾਊਸ ’ਚ ਮੁੰਬਈ ’ਚ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਵੀ ਰੱਖਿਆ ਗਿਆ ਹੈ। ਸ਼ੇਖ ਨੂੰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕਰਾਚੀ ਤੋਂ ਲਾਹੌਰ ਭੇਜਿਆ ਗਿਆ ਹੈ। ਸ਼ੇਖ ਤੇ ਹਾਫਿਜ਼ ਦੀ ਮੌਜੂਦਗੀ ਦੇ ਚਲਦੇ ਜੇਲ੍ਹ ਦੇ ਆਸ-ਪਾਸ ਵਾਧੂ ਸੁਰੱਖਿਆ ਲਈ ਅਰਧ ਸੈਨਿਕ ਬਲ ਰੇਂਜਰਸ ਤੇ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
