ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਵਿਚ ਵੋਟਾਂ ਪੈਣ ਮਗਰੋ ਹਾਰ ਮੰਨ ਚੁੱਕੀ ਕਾਂਗਰਸ ਦੇ ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਸ਼ਣਬਾਜੀ ਦੀ ਖੇਡ ਸ਼ੁਰੂ ਹੋ ਗਈ ਹੈ।ਅਮਰਿੰਦਰ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਅਤੇ ਕਾਂਗਰਸ ਸਰਕਾਰ ਖਿਲਾਫ ਉਗਲੀ ਜ਼ਹਿਰ ਕਾਂਗਰਸੀ ਉਮੀਦਵਾਰਾਂ ਦਾ ਨੁਕਸਾਨ ਕਰਵਾਏਗੀ ਅਤੇ ਜਦਕਿ ਸਿੱਧੂ ਨੇ ਇਹ ਕਹਿੰਦਿਆਂ ਪਲਟਵਾਰ ਕੀਤਾ ਹੈ ਕਿ ਅਮਰਿੰਦਰ ਅਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਇਹਨਾਂ ਦੋਵੇਂ ਆਗੂਆਂ ਵਿਚਕਾਰ ਪੂਰੀ ਤਰ੍ਹਾਂ ਬੇਭਰੋਸਗੀ ਪੈਦਾ ਹੋ ਚੁੱਕੀ ਹੈ ਅਤੇ ਦੋਵੇਂ ਇੱਕ ਦੂਜੇ ਉੱਤੇ ਇਸ ਤਰ੍ਹਾਂ ਦੋਸ਼ ਮੜ੍ਹ ਰਹੇ ਹਨ, ਜਿਵੇਂ ਉਹ ਵੱਖ ਵੱਖ ਪਾਰਟੀਆਂ ਦੇ ਆਗੂ ਹੋਣ। ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਵਿਚ ਕੁੱਝ ਵੀ ਸੰਭਵ ਹੈ।ਅਮਰਿੰਦਰ ਦੀ ਤਾਂ ਗੱਲ ਹੀ ਕੀ ਕਰਨੀ ਹੈ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਨੂੰ ਵੀ ਕੋਈ ਨਹੀਂ ਮੰਨਦਾ।ਉਹਨਾਂ ਕਿਹਾ ਕਿ ਰਾਹੁਲ ਕਿੰਨੀ ਵਾਰ ਕਹਿ ਚੁੱਕਾ ਹੈ ਕਿ ਸੈਮ ਪਿਤਰੋਦਾ ਨੂੰ 1984 ਕਤਲੇਆਮ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ ਪਰ ਸੈਮ ਦੇ ਕੰਨ ਉੱਤੇ ਜੂੰਅ ਵੀ ਨਹੀਂ ਸਰਕੀ ਅਤੇ ਉਸ ਨੇ ਅਜੇ ਤੱਕ ਆਪਣੀਆਂ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫੀ ਨਹੀਂ ਮੰਗੀ ਹੈ।ਮਜੀਠੀਆ ਨੇ ਕਿਹਾ ਕਿ ਅਮਰਿੰਦਰ ਨੇ ਸਿੱਧੂ ਉੱਤੇ ਕੀਤੇ ਤਾਜ਼ਾ ਹਮਲੇ ਵਿਚ ਕਿਹਾ ਹੈ ਕਿ ਉਹ ਬਹੁਤ ਜ਼ਿਆਦਾ ਲਾਲਚੀ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪਰ ਚੋਣ ਮੁਹਿੰਮ ਦੇ ਆਖਰੀ ਪੜਾਅ ਵਿਚ ਜਾ ਕੇ ਅਜਿਹੇ ਵਿਵਾਦ ਉਠਾਉਣਾ ਪਾਰਟੀ ਉਮੀਦਵਾਰਾਂ ਦਾ ਨੁਕਸਾਨ ਕਰੇਗਾ। ਅਮਰਿੰਦਰ ਨੇ ਕਿਹਾ ਹੈ ਕਿ ਬੇਮੌਕੇ ਕੀਤੀ ਅਜਿਹੀ ਬਿਆਨਬਾਜ਼ੀ ਲਈ ਪਾਰਟੀ ਵੱਲੋਂ ਸਿੱਧੂ ਖ਼ਿਲਾਫ ਅਨੁਸ਼ਾਸ਼ਨੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਾਂਗਰਸ ਪਾਰਟੀ ਅਜਿਹੀ ਅਨੁਸ਼ਾਸ਼ਨਹੀਣਤਾ ਬਰਦਾਸ਼ਤ ਨਹੀਂ ਕਰ ਸਕਦੀ।ਮਜੀਠੀਆ ਨੇ ਕਿਹਾ ਕਿ ਅਮਰਿੰਦਰ ਪਹਿਲਾਂ ਹੀ ਮਹਿਸੂਸ ਕਰ ਚੁੱਕਿਆ ਹੈ ਕਿ ਪਾਰਟੀ ਇਹ ਚੋਣਾਂ ਹਾਰ ਗਈ ਹੈ ਅਤੇ ਪੰਜਾਬ ਵਿਚ ਵੋਟਾਂ ਪੈਂਦੇ ਹੀ ਕਾਂਗਰਸ ਅੰਦਰ ਇੱਕ ਦੂਜੇ ਖ਼ਿਲਾਫ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਹੈ।ਉਹਨਾਂ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਅੰਦਰ ਇਹ ਭਰਾ-ਮਾਰੂ ਜੰਗ ਬੀਬੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋ ਟਿਕਟ ਨਾ ਦੇਣ ਮਗਰੋਂ ਸ਼ੁਰੂ ਹੋਈ ਸੀ ਜਦਕਿ ਉਸ ਨੂੰ ਬਠਿੰਡਾ ਤੋਂ ਚੋਣ ਲੜਣ ਦੀ ਪੇਸ਼ਕਸ਼ ਕੀਤੀ ਗਈ ਸੀ।ਮਜੀਠੀਆ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਆਪਣੀ ਪਤਨੀ ਦੀ ਸਿਆਸੀ ਕਾਬਲੀਅਤ ਉਤੇ ਇੰਨਾ ਭਰੋਸਾ ਸੀ ਤਾਂ ਉਸ ਨੂੰ ਇਹ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਸੀ ਪਰ ਉਹ ਮੈਦਾਨ ਵਿਚੋਂ ਭੱਜ ਗਿਆ।ਫਿਰ ਉਸ ਨੇ ਉਲਟਾ ਇਹ ਕਹਿ ਕੇ ਆਪਣੇ ਮੈਦਾਨ ਚੋਂ ਭੱਜਣ ਦੇ ਫੈਸਲੇ ਨੂੰ ਸਹੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਘਰਵਾਲੀ ਕੋਈ ਵਾਧੂ ਟਾਇਰ ਨਹੀਂ, ਜਿਸ ਨੂੰ ਜਿੱਥੇ ਮਰਜ਼ੀ ਇਸਤੇਮਾਲ ਕਰ ਲਓ।ਮਜੀਠੀਆ ਨੇ ਕਿਹਾ ਕਿ ਅਜਿਹੇ ਘਟੀਆ ਸ਼ਬਦ ਕਿਸੇ ਨੂੰ ਵੀ ਕਿਸੇ ਔਰਤ ਬਾਰੇ ਨਹੀਂ ਇਸਤੇਮਾਲ ਨਹੀਂ ਕਰਨੇ ਚਾਹੀਦੇ ਪਰ ਸਿੱਧੂ ਨੇ ਇਹ ਸ਼ਬਦ ਆਪਣੀ ਪਤਨੀ ਖ਼ਿਲਾਫ ਵਰਤੇ ਸਨ।ਉਹਨਾਂ ਕਿਹਾ ਕਿ ਸਿੱਧੂ ਇੱਕ ਕੰਟਰੋਲ ‘ਚੋਂ ਨਿਕਲੀ ਮਿਜ਼ਾਇਲ ਹੈ,ਜੋ ਆਪਣੀ ਪਤਨੀ ਜਾਂ ਆਪਣੇ ਮੁੱਖ ਮੰਤਰੀ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ।
ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਇਹ ਦਾਅਵਾ ਕਰਕੇ ਅਮਰਿੰਦਰ ਸਿੰਘ ਖ਼ਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ ਕਿ ਉਸ ਦੀ ਪਤਨੀ ਝੂਠ ਨਹੀਂ ਬੋਲਦੀ, ਜਿਸ ਦਾ ਅਰਥ ਹੈ ਕਿ ਅਮਰਿੰਦਰ ਨੂੰ ਝੂਠ ਬੋਲਣ ਦੀ ਆਦਤ ਹੈ।ਇਸ ਤੋਂ ਇਲਾਵਾ ਉਸ ਨੇ ਅਮਰਿੰਦਰ ਉੱਤੇ ਰੇਤ ਮਾਫੀਆ ਅਤੇ ਕੇਬਲ ਮਾਫੀਆ ਦਾ ਬਚਾਅ ਕਰਨ ਅਤੇ ਅਕਾਲੀਆਂ ਨਾਲ ਦੋਸਤਾਨਾ ਮੈਚ ਖੇਡਣ ਦਾ ਵੀ ਦੋਸ਼ ਲਾਇਆ ਹੈ।ਦੂਜੇ ਪਾਸੇ ਅਮਰਿੰਦਰ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਇਹ ਸਿੱਧੂ ਦੀ ਨਹੀਂ, ਸਗੋਂ ਕਾਂਗਰਸ ਦੀ ਚੋਣ ਹੈ ਅਤੇ ਉਸ ਨੂੰ ਪਾਰਟੀ ਦੇ ਹਿੱਤਾਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ।