ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਬੁੱਧਵਾਰ ਨੂੰ ਹੋਈ ਗ੍ਰਿਫਤਾਰੀ ਦਾ ਸੁਆਗਤ ਕਰਦਿਆਂ ਆਪਣੀ ਪਿੱਠ ਥਾਪੜ ਦਿੱਤੀ। ਟਰੰਪ ਨੇ ਕਿਹਾ ਕਿ ਸਾਲ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ-ਮਾਇੰਡ ਨੂੰ ਲੱਭਣ ਲਈ ਪਾਕਿਸਤਾਨ ’ਤੇ ਭਾਰੀ ਦਬਾਅ ਪਾਇਆ ਗਿਆ ਸੀ।
ਟਰੰਪ ਨੇ ਟਵੀਟ ਕੀਤਾ, 10 ਸਾਲ ਦੀ ਭਾਲ ਮਗਰੋਂ ਮੁੰਬਈ ਅੱਤਾਵਾਦੀ ਹਮਲਿਆਂ ਦੇ ਜ਼ਿੰਮੇਵਾਰ ਕਹੇ ਜਾਣ ਵਾਲੇ ਮਾਸਟਰ-ਮਾਇੰਡ ਨੂੰ ਪਾਕਿਸਤਾਨ ਚ ਫੜ੍ਹਿਆ ਗਿਆ। ਉਸ ਨੂੰ ਲੱਭਣ ਲਈ ਪਿਛਲੇ 2 ਸਾਲਾਂ ਤੋਂ ਭਾਰੀ ਦਬਾਅ ਪਾਇਆ ਗਿਆ ਸੀ।
ਦੱਸਣਯੋਗ ਹੈ ਕਿ ਮੁੰਬਈ ਹਮਲਿਆਂ ਦੇ ਮਾਸਟਰ-ਮਾਇੰਡ ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦੇ ਸਰਗਨਾ ਹਾਫਿਜ਼ ਸਈਦ ਨੂੰ ਅੱਤਵਾਦ ਦੇ ਵਿੱਤੀ ਪੋਸ਼ਣ ਦੇ ਦੋਸ਼ਾਂ ਚ ਅੱਤਵਾਦ ਰੋਧੀ ਵਿਭਾਗ (ਸੀਟੀਡੀ) ਨੇ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਬੁੱਧਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੂੰ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ।
ਖਾਸ ਗੱਲ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਮਰੀਕਾ ਦੀ ਪਹਿਲੀ ਯਾਤਰਾ ਤੋਂ ਕੁਝ ਦਿਨ ਪਹਿਲਾਂ ਇਹ ਕਾਰਵਾਈ ਕੀਤੀ ਗਈ ਹੈ।