32.02 F
New York, US
February 6, 2025
PreetNama
ਸਮਾਜ/Socialਰਾਜਨੀਤੀ/Politics

ਹਿਮਾਲਿਆ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰਨ ਦੀ ਲੋੜ: ਐੱਨਐੱਨ ਵੋਹਰਾ

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਪ੍ਰਾਚੀਨ ਹਿਮਾਲਿਆ ਦੀ ਅੱਜ ਦੇ ਸੈਲਾਨੀਆਂ ਨਾਲ ਖਚਾਖਚ ਭਰੇ ਹਿੱਲ ਸਟੇਸ਼ਨਾਂ ਨਾਲ ਤੁਲਨਾ ਕਰਦਿਆਂ ਹਿਮਾਲਿਆ ਨੂੰ ਬਚਾਉਣ ਲਈ ਮੁਹਿੰਮ ਵਿੱਢਣ ਦੀ ਲੋੜ ’ਤੇ ਜ਼ੋਰ ਦਿੱਤਾ।

ਉਹ ਇਤਿਹਾਸਕ 1924 ਦੀ ਬਰਤਾਨਵੀ ਐਵਰੈਸਟ ਮੁਹਿੰਮ ਦੀ ਸ਼ਤਾਬਦੀ ਅਤੇ ਜੌਰਜ ਮੈਲੋਰੀ ਤੇ ਐਂਡਰਿਊ ਇਰਵਿਨ ਦੀ ਭੇਤ-ਭਰੀ ਗੁੰਮਸ਼ੁਦਗੀ ਦੇ ਰਹੱਸ ਨੂੰ ਉਜਾਗਰ ਕਰਨ ਸਬੰਧੀ ਕਰਵਾਏ ‘ਮਾਊਂਟੇਨ ਡਾਇਲਾਗਜ਼’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਵੋਹਰਾ ਨੇ ਕਿਹਾ, ‘‘ਸਾਨੂੰ ਲੱਖਾਂ ਰੁੱਖ ਲਾਉਣ ਦੀ ਲੋੜ ਹੈ ਅਤੇ ਉਨ੍ਹਾਂ ਕੰਮਾਂ ਤੋਂ ਟਲਣਾ ਹੋਵੇਗਾ ਜੋ ਅੱਜ ਅਸੀਂ ਕਰ ਰਹੇ ਹਾਂ।’’

1959 ਬੈਚ ਦੇ ਪੰਜਾਬ ਕੇਡਰ ਦੇ ਆਈਏਐੱਸ ਅਧਿਕਾਰੀ ਨੇ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਹਰ ਰੋਜ਼ ਹਜ਼ਾਰਾਂ ਕਾਰਾਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਪੁੱਜ ਰਹੀਆਂ ਹਨ। ਇੰਡੀਅਨ ਮਾਊਂਟੇਨਰਿੰਗ ਫਾਊਂਡੇਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਵੋਹਰਾ ਨੇ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਦੋਂ ਮਨਾਲੀ ਤੋਂ ਰੋਹਤਾਂਗ ਤੱਕ ਟਰੇੈਕਿੰਗ ਕਰਨੀ ਪੈਂਦੀ ਸੀ। ਅੱਜ ਸੜਕਾਂ ਬਣਨ ਦੇ ਬਾਵਜੂਦ ਕਾਰ ਵਿੱਚ ਚਾਰ ਤੋਂ ਪੰਜ ਘੰਟੇ ਲੱਗਦੇ ਹਨ। ਸੜਕ ਕੰਢੇ ਹੋਟਲਾਂ ਤੇ ਰੈਸਤਰਾਂ ਦੀ ਭਰਮਾਰ ਹੈ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈਆਈਸੀ) ਦੇ ਪ੍ਰਧਾਨ ਸ਼ਿਆਮ ਸਰਨ ਨੇ ਵੋਹਰਾ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ, ‘‘ਸਾਨੂੰ ਹਿਮਾਲਿਆ ਨੂੰ ਬਚਾਉਣ ਲਈ ਕੌਮੀ ਪੱਧਰ ਦੇ ਅੰਦੋਲਨ ਦੀ ਲੋੜ ਹੈ ਅਤੇ ਆਈਆਈਸੀ ਨੂੰ ਇਸ ਵਿੱਚ ਸ਼ਾਮਲ ਹੋਣ ’ਤੇ ਖੁਸ਼ੀ ਹੋਵੇਗੀ।’’ ਸਰਨ ਸਾਬਕਾ ਵਿਦੇਸ਼ ਸਕੱਤਰ ਹਨ ਅਤੇ ਪ੍ਰਮਾਣੂ ਮਾਮਲਿਆਂ ਤੇ ਜਲਵਾਯੂ ਪਰਿਵਰਤਨ ਲਈ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਵਜੋਂ ਕੰਮ ਕਰ ਚੁੱਕੇ ਹਨ।

ਇਸ ਤੋਂ ਪਹਿਲਾਂ ਮੈਲੋਰੀ ਅਤੇ ਇਰਵਿਨ ਦੇ ਸਫ਼ਰ ਨੂੰ ਯਾਦ ਕਰਦਿਆਂ ਬ੍ਰਿਗੇਡੀਅਰ ਅਸ਼ੋਕ ਐਬੇ (ਸੇਵਾਮੁਕਤ) ਨੇ ਘਟਨਾਵਾਂ ਅਤੇ ਇਨ੍ਹਾਂ ਦੇ ਕ੍ਰਮ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਰ ਕਰਨਲ ਫਰਾਂਸਿਸ ਯੰਗਹਸਬੈਂਡ ਨੇ 1907 ਵਿੱਚ ਐਵਰੈਸਟ ਦੀ ਚੜ੍ਹਾਈ ਦੀ ਤਜਵੀਜ਼ ਦਿੱਤੀ ਸੀ। ਮੈਲੋਰੀ 1922 ਵਿੱਚ ਵਿੱਢੇ ਇੱਕ ਖੋਜ ਮਿਸ਼ਨ ਦਾ ਹਿੱਸਾ ਸੀ।

ਬ੍ਰਿਗੇਡੀਅਰ ਐਬੇ ਨੇ ਦੱਸਿਆ ਕਿ ਮੈਲੋਰੀ ਤੇ ਇਰਵਿਨ ਨੂੰ ਆਖ਼ਰੀ ਵਾਰ ਚੋਟੀ ਦੇ ਨੇੜੇ ਲਗਪਗ 800 ਮੀਟਰ ਦੀ ਦੂਰੀ ’ਤੇ ਟੀਮ ਦੇ ਇੱਕ ਮੈਂਬਰ ਵੱਲੋਂ ਦੇਖਿਆ ਗਿਆ ਸੀ। ਮੈਲੋਰੀ ਦੀ ਲਾਸ਼ 1999 ਵਿੱਚ ਮਿਲ ਗਈ ਸੀ, ਜਦੋਂਕਿ ਇੱਕ ਸਦੀ ਬਾਅਦ ਵੀ ਇਰਵਿਨ ਦੀ ਲਾਸ਼ ਦਾ ਥਹੁ-ਪਤਾ ਲਾਉਣਾ ਬਾਕੀ ਹੈ। ਬ੍ਰਿਗੇਡੀਅਰ ਐਬੇ ਨੇ ਕਿਹਾ, “ਪਹਾੜ ਚੜ੍ਹਨ ਵਾਲੇ ਲੋਕ ਵੱਖੋ-ਵੱਖ ਕਿਸਮ ਦੇ ਹਨ। ਪਰ ਇਨ੍ਹਾਂ ਵਿੱਚੋਂ ਕੁੱਝ ਗਿਣਤੀ ਦੇ ਹੀ ਮੈਲੋਰੀ ਤੇ ਇਰਵਿਨ ਦੀ ਬਰਾਬਰੀ ਕਰ ਸਕਦੇ ਹਨ।’’ ਬ੍ਰਿਗੇਡੀਅਰ ਐਬੇ ਅਸਮਾਨ ਛੂਹਣ ਵਾਲੇ ਪਰਬਤਾਰੋਹੀ ਹਨ ਜਿਨ੍ਹਾਂ ਨੇ ਪਿਛਲੇ 43 ਸਾਲਾਂ ਦੌਰਾਨ ਕਰਾਕੋਰਮ, ਵਿਸ਼ਾਲ ਹਿਮਾਲਿਆ ਅਤੇ ਨਾਲ ਲੱਗਦੀਆਂ ਚੋਟੀਆਂ ਨੂੰ ਸਰ ਕੀਤਾ ਹੈ।

Related posts

ਕੇਜਰੀਵਾਲ ਦੇ ‘ਸਿੰਗਾਪੁਰ ਵੇਰੀਐਂਟ’ ਵਾਲੇ ਬਿਆਨ ’ਤੇ ਵਿਵਾਦ, ਸਿੰਗਾਪੁਰ ਸਰਕਾਰ ਨੇ ਭਾਰਤੀ ਹਾਈ ਕਮਿਸ਼ਨ ਨੂੰ ਕੀਤਾ ਤਲਬ

On Punjab

ਮਨੀਪੁਰ: ਰਾਜਪਾਲ ਅਜੈ ਭੱਲਾ ਵੱਲੋਂ ਸੁਰੱਖਿਆ ਹਾਲਾਤ ਦੀ ਸਮੀਖਿਆ

On Punjab

ਔਰਤਾਂ ਖ਼ਿਲਾਫ਼ ਅਪਰਾਧਾਂ ਬਾਰੇ ਰਾਸ਼ਟਰਪਤੀ ਮੁਰਮੂ ਨੇ ਕਿਹਾ,‘ਹੁਣ ਬਹੁਤ ਹੋ ਗਿਆ’

On Punjab