ਇਕ ਜੌਹਰੀ ਦੀ ਮੌਤ ਤੋਂ ਬਾਅਦ ਉਹਦਾ ਪਰਿਵਾਰ ਸੰਕਟ ਵਿੱਚ ਆ ਗਿਆ। ਦੋ ਵੇਲ਼ੇ ਦੀ ਰੋਟੀ ਤੋਂ ਵੀ ਅੌਖਾ ਹੋ ਗਿਆ। ਇਕ ਦਿਨ ਉਸ ਜੌਹਰੀ ਦੀ ਪਤਨੀ ਨੇ ਆਪਣੇ ਬੇਟੇ ਨੂੰ ਨੀਲਮ ਦਾ ਇਕ ਹਾਰ ਦੇ ਕੇ ਕਿਹਾ, ” ਬੇਟਾ ! ਇਹਨੂੰ ਆਪਣੇ ਚਾਚੇ ਦੀ ਦੁਕਾਨ ਤੇ ਲੈ ਜਾ। ਕਹੀਂ ਕਿ ਇਹਨੂੰ ਵੇਚ ਕੇ ਕੁਝ ਰੁਪਏ ਦੇ ਦੇਵੇ।”ਬੇਟਾ ਉਹ ਹਾਰ ਲੈ ਕੇ ਆਪਣੇ ਚਾਚੇ ਕੋਲ ਗਿਆ। ਚਾਚੇ ਨੇ ਹਾਰ ਨੂੰ ਚੰਗੀ ਤਰ੍ਹਾਂ ਘੋਖਿਆ ਪਰਖਿਆ ਤੇ ਕਿਹਾ-” ਬੇਟਾ ! ਮਾਂ ਨੂੰ ਕਹਿਣਾ ਕਿ ਅਜੇ ਬਾਜ਼ਾਰ ਵਿੱਚ ਬਹੁਤ ਮੰਦਾ ਹੈ। ਥੋੜ੍ਹਾ ਰੁਕ ਕੇ ਵੇਚਣਾ, ਚੰਗੇ ਪੈਸੇ ਮਿਲ ਜਾਣਗੇ।”ਤੇ ਥੋੜ੍ਹੇ ਰੁਪਏ ਮੁੰਡੇ ਨੂੰ ਦੇ ਕੇ ਕਿਹਾ, “ਤੂੰ ਕੱਲ੍ਹ ਤੋਂ ਦੁਕਾਨ ਤੇ ਆ ਕੇ ਬੈਠਿਆ ਕਰ।”ਅਗਲੇ ਦਿਨ ਤੋਂ ਮੁੰਡਾ ਦੁਕਾਨ ਤੇ ਬੈਠ ਕੇ ਹੀਰਿਆਂ ਰਤਨਾਂ ਦੀ ਪਰਖ ਕਰਨੀ ਸਿੱਖਣ ਲੱਗਾ। ਤੇ ਫਿਰ ਇਕ ਦਿਨ ਉਹ ਵੱਡਾ ਪਾਰਖੀ ਬਣ ਗਿਆ। ਲੋਕ ਦੂਰੋਂ ਦੂਰੋਂ ਉਹਦੇ ਕੋਲ ਹੀਰਿਆਂ ਦੀ ਪਰਖ ਕਰਾਉਣ ਆਉਣ ਲੱਗੇ। ਇਕ ਦਿਨ ਉਸਦੇ ਚਾਚੇ ਨੇ ਕਿਹਾ-“ਬੇਟਾ ! ਆਪਣੀ ਮਾਂ ਤੋਂ ਉਹ ਹਾਰ ਲੈ ਆ ਤੇ ਕਹੀਂ ਕਿ ਹੁਣ ਬਾਜ਼ਾਰ ਬਹੁਤ ਤੇਜ਼ ਹੈ, ਚੰਗੇ ਰੁਪਏ ਮਿਲ ਜਾਣਗੇ।” ਮਾਂ ਤੋਂ ਹਾਰ ਲੈ ਕੇ ਜਦ ਮੁੰਡੇ ਨੇ ਪਰਖਿਆ ਤਾਂ ਪਤਾ ਲੱਗਾ ਕਿ ਉਹ ਹਾਰ ਤਾਂ ਨਕਲੀ ਹੈ।ਉਹ ਹਾਰ ਘਰ ਹੀ ਛੱਡ ਕੇ ਦੁਕਾਨ ਤੇ ਆ ਗਿਆ ਤੇ ਚਾਚੇ ਦੇ ਪੁੱਛਣ ਤੇ ਦੱਸਿਆ ਕਿ ਹਾਰ ਤਾਂ ਨਕਲੀ ਹੈ। ਤਾਂ ਚਾਚੇ ਨੇ ਕਿਹਾ,”ਜਦ ਪਹਿਲੀ ਵਾਰ ਉਹ ਹਾਰ ਲੈ ਕੇ ਤੂੰ ਮੇਰੇ ਕੋਲ ਆਇਆ ਸੀ ਤੇ ਉਸੇ ਵੇਲੇ ਤੈਨੂੰ ਕਹਿ ਦਿੱਤਾ ਜਾਂਦਾ ਕਿ ਹਾਰ ਨਕਲੀ ਹੈ ਤਾਂ ਤੂੰ ਸੋਚਣਾ ਸੀ ਕਿ ਅੱਜ ਸਾਡੇ ਤੇ ਬੁਰਾ ਵਕਤ ਆਇਆ ਤਾਂ ਚਾਚਾ ਸਾਡੀ ਚੀਜ਼ ਨੂੰ ਵੀ ਨਕਲੀ ਦੱਸਣ ਲੱਗ ਪਿਆ। ਹੁਣ ਜਦ ਤੈਨੂੰ ਆਪ ਨੂੰ ਹੀ ਗਿਆਨ ਹੋ ਗਿਆ ਤਾਂ ਤੈਨੂੰ ਅਸਲੀਅਤ ਪਤਾ ਲੱਗ ਗਈ ਕਿ ਹਾਰ ਸੱਚ ਮੁੱਚ ਹੀ ਨਕਲੀ ਹੈ।”ਸੱਚ ਇਹ ਹੈ ਕਿ ਗਿਆਨ ਤੋਂ ਬਿਨਾਂ ਇਸ ਸੰਸਾਰ ਵਿੱਚ ਅਸੀਂ ਜੋ ਵੀ ਸੋਚਦੇ, ਦੇਖਦੇ ਤੇ ਜਾਣਦੇ ਹਾਂ, ਉਹ ਸਭ ਗ਼ਲਤ ਹੈ। ਤੇ ਇਸੇ ਗ਼ਲਤ ਫਹਿਮੀ ਦਾ ਸ਼ਿਕਾਰ ਹੋਣ ਕਰਕੇ ਰਿਸ਼ਤੇ ਵਿਗੜਦੇ ਹਨ। ਆਪਣੇ ਰਿਸ਼ਤਿਆਂ ਨੂੰ ਲੰਬੀ ਉਮਰ ਦੇਣ ਲਈ ਸਾਨੂੰ ਡੂੰਘਾਈ ਨਾਲ ਸੋਚ- ਵਿਚਾਰ ਕਰਨੀ ਚਾਹੀਦੀ ਹੈ।
ਕਿਸੇ ਨੇ ਕਿੰਨਾ ਵਧੀਆ ਕਿਹਾ ਹੈ :-
ਜ਼ਰਾ ਸੀ ਰੰਜਿਸ਼ ਪਰ ਨ ਛੋੜ ਕਿਸੀ ਅਪਨੇ ਕਾ ਦਾਮਨ,
ਜ਼ਿੰਦਗੀ ਬੀਤ ਜਾਤੀ ਹੈ,ਅਪਨੋ ਕੋ ਅਪਨਾ ਬਨਾਨੇ ਮੇਂ…
—#ਅਗਿਆਤ—