ਨਵੀਂ ਦਿੱਲੀ: ਭਾਰਤੀ ਖਿਡਾਰੀ ਵਿਜੈ ਸ਼ੰਕਰ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਅੱਡੀ ‘ਤੇ ਸੱਟ ਲੱਗਣ ਕਰਕੇ ਵਿਜੈ ਐਤਵਾਰ ਨੂੰ ਇੰਗਲੈਂਡ ਖਿਲਾਫ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸੀ। ਸੋਮਵਾਰ ਨੂੰ ਐਲਾਨ ਕੀਤਾ ਗਿਆ ਕਿ ਉਹ ਵਿਸ਼ਵ ਕੱਪ ਦੇ ਬਾਕੀ ਮੈਚਾਂ ‘ਚ ਨਹੀਂ ਖੇਡ ਸਕਣਗੇ। ਵਿਜੈ ਦੀ ਥਾਂ ਟੀਮ ‘ਚ ਮਿਅੰਕ ਅਗਰਵਾਲ ਨੂੰ ਮਿਲ ਸਕਦੀ ਹੈ।
ਕਰਨਾਟਕ ਦੇ ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ ਨੇ ਪਿਛਲੇ ਸਾਲ ਅਸਟ੍ਰੇਲੀਆ ਖਿਲਾਫ ਟੈਸਟ ਕ੍ਰਿਕਟ ‘ਚ ਡੈਬਿਊ ਕੀਤਾ ਸੀ, ਪਰ ਉਹ ਹੁਣ ਤਕ ਭਾਰਤ ਲਈ ਵਨਡੇ ਟੀਮ ‘ਚ ਡੈਬਿਊ ਨਹੀਂ ਕਰ ਸਕੇ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਵਿਜੈ ਦੀ ਅੱਡੀ ‘ਚ ਸੱਟ ਲੱਗੀ। ਅਜੇ ਉਨ੍ਹਾਂ ਦੀ ਹਾਲਤ ਕੁਝ ਚੰਗੀ ਨਹੀਂ ਹੈ। ਉਹ ਵਿਸ਼ਵ ਕੱਪ ਦੇ ਬਾਕੀ ਮੈਚਾਂ ‘ਚ ਨਹੀਂ ਖੇਡ ਸਕਣਗੇ। ਉਹ ਦੇਸ਼ ਵਾਪਸ ਪਰਤਣਗੇ।”
ਵਿਜੈ ਦੀ ਥਾਂ ਮੈਨੇਜਮੈਂਟ ਮਿਅੰਕ ਅਗਰਵਾਲ ਨੂੰ ਬੁਲਾ ਸਕਦੀ ਹੈ। ਉਹ ਸਲਾਮੀ ਬੱਲੇਬਾਜ਼ ਹਨ ਤੇ ਅਜਿਹੇ ‘ਚ ਉਸ ਤੋਂ ਪਾਰੀ ਦਾ ਆਗਾਜ਼ ਕਰਵਾ ਕੇ ਰਾਹੁਲ ਨੂੰ ਨੰਬਰ 4 ‘ਤੇ ਬੱਲੇਬਾਜ਼ੀ ਲਈ ਬੁਲਾਇਆ ਜਾ ਸਕਦਾ ਹੈ।