ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਹੁਣ ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਧਮਕੀ ਦਿੱਤੀ ਗਈ ਹੈ। ਵ੍ਹਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਤੂੰ ਵੀ ਆਪਣੇ ਰਬ ਨੂੰ ਯਾਦ ਕਰ ਲੈ, ਹੁਣ ਤੇਰੀ ਵਾਰੀ ਹੈ, ਬਹੁਤ ਗ਼ਲਤ ਬੋਲਿਆ। ਸੂਰੀ ਗਿਆ, ਤੂੰ ਤਿਆਰ ਰਹੀਂ। ਜਿੰਨੀ ਸਕਿਓਰਿਟੀ ਚਾਹੀਦੀ ਲੈ ਲੈ, ਤੈਨੂੰ ਵੀ ਗੋਲ਼ੀ ਮਾਰਾਂਗੇ।
ਯਾਨੀ ਜਿੰਨਾ ਬੋਲਣਾ ਹੈ ਬੋਲ ਲੈ ਤੇ ਰੱਬ ਨੂੰ ਯਾਦ ਕਰ ਲੈ, ਤੈਨੂੰ ਵੀ ਸੂਰੀ ਵਾਂਗ ਹੀ ਮਾਰਾਂਗੇ। ਮੰਡ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ ਹੈ। ਉਨ੍ਹਾਂ ਆਪਣੀ ਸੁਰੱਖਿਆ ‘ਚ ਤਾਇਨਾਤ ਜਵਾਨਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਅਧੇੜ ਉਮਰ ਦੇ ਗੰਨਮੈਨ ਦਿੱਤੇ ਗਏ ਹਨ ਤੇ ਉਹ ਬਿਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਨੂੰ ਲਗਾਤਾਰ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ।