ਓਟਾਵਾ: ਕੈਨੇਡਾ-ਚੀਨ ‘ਚ ਵਾਰ-ਪਲਟਵਾਰ ਜਾਰੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਕੈਨੇਡੀਅਨ ਨਾਗਰਿਕਾਂ ਦੀ ਚੀਨ ਵੱਲੋਂ ਕੀਤੀ ਗਈ ਨਜ਼ਰਬੰਦੀ ਤੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਚੀਨ ਵੱਲੋਂ ਨਜ਼ਰਬੰਦ ਕੀਤੇ ਗਏ ਦੋ ਕੈਨੇਡੀਅਨ ਨਾਗਰਿਕਾਂ ‘ਚ ਇੱਕ ਸਾਬਕਾ ਡਿਪਲੋਮੈਟ ਵੀ ਸ਼ਾਮਲ ਹੈ। ਨਜ਼ਰਬੰਦ ਨਾਗਰਿਕਾਂ ਤੇ ਚੀਨ ‘ਚ ਜਾਸੂਸੀ ਦੇ ਇਲਜ਼ਾਮ ਹਨ। ਟਰੂਡੋ ਨੇ ਦੋਸ਼ ਲਿਆ ਕਿ ਚੀਨ ਇਹ ਨਜ਼ਰਬੰਦੀਆਂ “ਰਾਜਨੀਤਕ ਟੀਚਿਆਂ” ਨੂੰ ਵਧਾਉਣ ਲਈ ਕਰ ਰਿਹਾ ਹੈ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਚੀਨ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।
ਟਰੂਡੋ ਦਾ ਇਹ ਵੀ ਕਹਿਣਾ ਹੈ ਕਿ ‘ਚੀਨ ਕੈਨੇਡਾ ਵੱਲੋਂ ਚੀਨੀ ਅਧਿਕਾਰੀ ਦੀ ਗ੍ਰਿਫ਼ਤਾਰੀ ਦਾ ਬਦਲਾ ਲੈ ਰਿਹਾ ਹੈ’। ਹਾਲਾਂਕਿ ਚੀਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਮਾਈਕਲ ਸਪੈਵਰ ਤੇ ਮਾਈਕਲ ਕੋਵ੍ਰਿਗ ਦੀ ਨਜ਼ਰਬੰਦੀ ਦਸੰਬਰ 2018 ਵਿੱਚ ਵੈਨਕੂਵਰ ਵਿੱਚ ਚੀਨੀ ਦੂਰਸੰਚਾਰ ਫਰਮ ਹੁਆਵੀ ਦੀ ਸੀਐਫਓ ਮੇਂਗ ਵਾਂਝੂ ਦੀ ਗ੍ਰਿਫਤਾਰੀ ਨਾਲ ਸਬੰਧਤ ਹੈ।
ਉਧਰ, ਚੀਨ ਦਾ ਕਹਿਣਾ ਹੈ ਕਿ ਟਰੂਡੋ ਨੂੰ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣੇ ਬੰਦ ਕਰਨੇ ਚਾਹੀਦੇ ਹਨ। ਚੀਨ ਨੇ ਕੈਨੇਡਾ ਤੋਂ ਚੀਨੀ ਅਧਿਕਾਰੀ ਮੇਂਗ ਨੂੰ ਜਲਦ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ।
ਕੈਨੇਡਾ-ਚੀਨ ‘ਚ ਤਕਰਾਰ ਕਿਉਂ ?
ਸਾਲ 2018 ਤੋਂ ਚੀਨ ਤੇ ਕੈਨੇਡਾ ਵਿਚਾਲੇ ਤਕਰਾਰ ਜਾਰੀ ਹੈ। ਸਾਲ 2018 ‘ਚ ਕੈਨੇਡਾ ਨੇ ਚੀਨੀ ਕੰਪਨੀ ਹੁਵੇਈ ਦੇ ਅਧਿਕਾਰੀ ਮੇਂਗ ਵਾਨਝੇਉ ਨੂੰ ਵੈਨਕੁਵਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਚੀਨ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਚੀਨ ਨੇ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਮਾਈਕਲ ਸਪੈਵਰ ਤੇ ਮਾਈਕਲ ਕੋਵ੍ਰਿਗ ‘ਤੇ ਚੀਨ ‘ਚ ਜਾਸੂਸੀ ਦੇ ਇਲਜ਼ਾਮ ਹਨ। ਦੋਵਾਂ ਨੂੰ ਬੀਜਿੰਗ ‘ਚ ਗ੍ਰਿਫ਼ਤਾਰ ਕੀਤਾ ਹੋਇਆ ਹੈ ਪਰ ਕੈਨੇਡਾ ਨੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ।
ਚੀਨ ਦੀ ਚਿਤਾਵਨੀ
ਮਨਮਾਨੀ ਹਿਰਾਸਤ ਵਰਗੀ ਕੋਈ ਚੀਜ਼ ਨਹੀਂ, ਕੈਨੇਡਾ ਨੂੰ ਅਪੀਲ ਹੈ ਕਿ ਉਹ ਕਾਨੂੰਨ ਦੇ ਸ਼ਾਸਨ ਦੀ ਭਾਵਨਾ ਦਾ ਦਿਲੋਂ ਸਤਿਕਾਰ ਕਰੇ। ਚੀਨ ਦੀ ਨਿਆਂਇਕ ਪ੍ਰਭੁਸੱਤਾ ਦਾ ਸਤਿਕਾਰ ਕਰਨ ਤੇ ਗੈਰ ਜ਼ਿੰਮੇਵਾਰਾਨਾ ਟਿੱਪਣੀ ਕਰਨਾ ਬੰਦ ਕਰੇ, ਮੈਂਗ ਦਾ ਮਾਮਲਾ ਇੱਕ ਗੰਭੀਰ ਰਾਜਨੀਤਕ ਘਟਨਾ ਹੈ।ਅਸੀਂ ਕੈਨੇਡਾ ਨੂੰ ਅਪੀਲ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਆਪਣੀਆਂ ਗਲਤੀਆਂ ਨੂੰ ਸੁਧਾਰੇ, ਨਹੀਂ ਤਾਂ ਕਾਰਵਾਈ ਲਈ ਤਿਆਰ ਰਹੇ।