Jaffrabad CAA Protest: ਨਵੀਂ ਦਿੱਲੀ: CAA ਖਿਲਾਫ਼ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਰਗਾ ਪ੍ਰਦਰਸ਼ਨ ਜਾਫਰਾਬਾਦ ਵਿੱਚ ਸ਼ੁਰੂ ਗਿਆ ਹੈ । ਜਾਫਰਾਬਾਦ ਵਿੱਚ ਇਹ ਪ੍ਰਦਰਸ਼ਨ ਸ਼ਨੀਵਾਰ ਦੀ ਅੱਧੀ ਰਾਤ ਤੋਂ ਸ਼ੁਰੂ ਹੋਇਆ ਹੈ । ਜਿੱਥੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਅੱਧੀ ਰਾਤ ਨੂੰ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਕੋਲੋਂ ਲੰਘਦੀ ਸੜਕ ‘ਤੇ ਬੈਠ ਗਈਆਂ ਅਤੇ CAA-NRC ਦਾ ਵਿਰੋਧ ਕਰ ਰਹੀਆਂ ਹਨ । ਜਾਫਰਾਬਾਦ ਮੈਟਰੋ ਸਟ੍ਰਸ਼ਨ ਕੋਲ ਜਿੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਹਨ ।
ਦਰਅਸਲ, ਇਸ ਪ੍ਰਦਰਸ਼ਨ ਦੇ ਚੱਲਦਿਆਂ ਮੈਟਰੋ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ । ਜਿਸ ਕਾਰਨ ਹੁਣ ਮੈਟਰੋ ਸਟੇਸ਼ਨ ਦੀਆਂ ਸੇਵਾਵਾਂ ਨਹੀਂ ਲੈ ਸਕਦੇ । ਦੱਸ ਦੇਈਏ ਕਿ ਧਰਨੇ ‘ਤੇ ਬੈਠੀਆਂ ਔਰਤਾਂ ਵੱਲੋਂ ਐਤਵਾਰ ਸਵੇਰੇ ਜਾਫਰਾਬਾਦ ਰੋਡ ਤੋਂ ਰਾਜਘਾਟ ਤੱਕ ਪੈਦਲ ਮਾਰਚ ਕੀਤਾ ਜਾਵੇਗਾ । ਹਾਲਾਂਕਿ, ਦਿੱਲੀ ਪੁਲਿਸ ਵੱਲੋਂ ਮਾਰਚ ਕੱਢਣ ਦੀ ਆਗਿਆ ਨਹੀਂ ਹੈ । ਸ਼ਨੀਵਾਰ ਰਾਤ ਨੂੰ ਜ਼ਫ਼ਰਾਬਾਦ ਰੋਡ ‘ਤੇ ਅਰਧ ਸੈਨਿਕ ਬਲਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ । ਇਸ ਵਿੱਚ ਮਹਿਲਾ ਸੁਰੱਖਿਆ ਕਰਮਚਾਰੀ ਵੀ ਸ਼ਾਮਿਲ ਸਨ ।
ਦੱਸਿਆ ਜਾ ਰਿਹਾ ਹੈ ਕਿ ਅੱਧੀ ਰਾਤ ਨੂੰ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਸੀਲਮਪੁਰ ਰੈਡ ਲਾਈਟ ਤੋਂ ਜ਼ਫ਼ਰਾਬਾਦ ਮੈਟਰੋ ਸਟੇਸ਼ਨ ਵੱਲ ਗਈਆਂ ਅਤੇ ਜ਼ਫਰਾਬਾਦ ਮੈਟਰੋ ਸਟੇਸ਼ਨ ਦੇ ਹੇਠਾਂ ਸੜਕ ‘ਤੇ ਬੈਠ ਗਈਆਂ । ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਬੁਰਕਾ ਪਾ ਕੇ ਸ਼ਾਮਿਲ ਹੋਈਆਂ ਹਨ । ਔਰਤਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਜਾਫਰਾਬਾਦ ਦੀ ਮਦੀਨਾ ਮਸਜਿਦ ਦੇ ਇਮਾਮ ਮੌਲਾਨਾ ਸ਼ਮੀਮ ਅਹਿਮਦ ਨੂੰ ਵੀ ਬੁਲਾਇਆ ਗਿਆ ।
ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਨੂੰ ਹੱਥ ਵਿੱਚ ਨਾ ਲੈਣ ਅਤੇ ਰਸਤਾ ਖਾਲੀ ਕਰਨ, ਪਰ ਔਰਤਾਂ ਨੇ ਮੌਲਾਨਾ ਦੀ ਗੱਲ ਨਹੀਂ ਸੁਣੀ । ਇਸ ਪ੍ਰਦਰਸ਼ਨ ਵਿੱਚ ਬਜ਼ੁਰਗ ਔਰਤਾਂ ਤੋਂ ਲੈ ਕੇ ਜਵਾਨ ਔਰਤਾਂ ਸ਼ਾਮਿਲ ਸਨ ਤੇ ਉਨ੍ਹਾਂ ਦੇ ਹੱਥਾਂ ਵਿੱਚ ਤਿਰੰਗਾ ਸੀ ।
ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈਆਂ ਔਰਤਾਂ ਨੇ ਕਿਹਾ ਕਿ ਸ਼ਾਹੀਨ ਬਾਗ ਦੀ ਤਰ੍ਹਾਂ ਉਹ CAA ਅਤੇ NRC ਵਿਰੁੱਧ ਵੀ ਵਿਰੋਧ ਪ੍ਰਦਰਸ਼ਨ ਕਰਨਗੀਆਂ । ਹੱਥਾਂ ਵਿੱਚ ਤਿਰੰਗੇ ਲੈ ਕੇ ਔਰਤਾਂ ਨੇ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ CAA ਨੂੰ ਰੱਦ ਨਹੀਂ ਕਰੇਗੀ ਉਹ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਨੂੰ ਨਹੀਂ ਛੱਡਣਗੀਆਂ ।