ਸਰਕਾਰ ਸ਼ਹਿਦ ‘ਚ ਮਿਲਾਵਟਖੋਰੀ ਦਾ ਪਤਾ ਲਾਉਣ ਲਈ ਨਵੀਂ ਟ੍ਰੇਸਬਿਲਿਟੀ ਸਿਸਟਮ ਬਣਾਉਣ ਜਾ ਰਹੀ ਹੈ। ਇਸ ਸਿਸਟਮ ‘ਚ ਸ਼ਹਿਦ ਦੇ ਉਤਪਾਦਨ ਦੇ ਸ਼ੁਰੂ ਤੋਂ ਅੰਤ ਤਕ ਰਿਕਾਰਡ ਰੱਖੇ ਜਾਣਗੇ। ਇਸ ਨਾਲ ਸ਼ਹਿਦ ਦੇ ਸਰੋਤ ਦਾ ਪਤਾ ਲੱਗ ਸਕੇਗਾ। ਖੇਤੀਬਾੜੀ ਮੰਤਰਾਲੇ ਅਨੁਸਾਰ ਇਸ ਸਬੰਧ ‘ਚ ਛੇਤੀ ਹੀ ਪਾਇਲਟ ਪ੍ਰਾਜੈਕਟ ਲਾਂਚ ਕੀਤਾ ਜਾਵੇਗਾ
ਹਰ ਪੜਾਅ ‘ਤੇ ਮਿਲਾਵਟ ਦਾ ਪਤਾ ਲਾਇਆ ਜਾਵੇਗਾ
ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਸਰਕਾਰ ਅਜਿਹਾ ਮੈਕੇਨਿਜ਼ਮ ਤਿਆਰ ਕਰਨਾ ਚਾਹੁੰਦੀ ਹੈ, ਜਿਸ ਨਾਲ ਸ਼ਹਿਦ ‘ਚ ਮਿਲਾਵਟਖੋਰੀ ਦਾ ਪਤਾ ਹਰ ਪੱਧਰ ‘ਤੇ ਲਾਇਆ ਜਾ ਸਕੇ। ਇਸ ਦੇ ਨਾਲ ਮਧੁ ਮੱਖੀ ਦੇ ਛੱਤੇ ‘ਚੋਂ ਸ਼ਹਿਦ ਕੱਢਣ ਤੋਂ ਲੈ ਕੇ ਸ਼ਹਿਦ ਦੀ ਪੈਕਿੰਗ ਤਕ ਹਰ ਪੜਾਅ ‘ਤੇ ਨਿਗਰਾਨੀ ਦਾ ਸਿਸਟਮ ਬਣੇਗਾ।
ਮਧੂ ਮੱਖੀ ਪਾਲਣ ਨੂੰ ਉਤਸ਼ਾਹਤ ਕਰਨ ਵਾਲੀ ਸੰਸਥਾ ਰਾਸ਼ਟਰੀ ਮਧੂ ਮੱਖੀ ਬੋਰਡ (ਐਨਬੀਬੀ) ਇਸ ਪ੍ਰਾਜੈਕਟ ਦੀ ਨੋਡਲ ਬਾਡੀ ਹੋਵੇਗੀ। ਸਰਕਾਰ ਨੇ ਇਹ ਫ਼ੈਸਲਾ ਸ਼ਹਿਦ ‘ਚ ਕੁਝ ਮਸ਼ਹੂਰ ਬ੍ਰਾਂਡਾਂ ‘ਚ ਮਿਲਾਵਟ ਕਰਨ ਦੇ ਮੁੱਦੇ ਤੋਂ ਬਾਅਦ ਲਿਆ ਹੈ।
ਸ਼ਹਿਦ ‘ਚ ਮਿਲਾਵਟਖੋਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਬਰਾਡਾਂ ਦੇ ਸ਼ਹਿਰ ਬਾਰੇ ਗਾਹਕਾਂ ਵਿਚਕਾਰ ਗੈਰ-ਭਰੋਸੇ ਦੀ ਸਥਿਤੀ ਵੇਖੀ ਗਈ। ਸਾਲ 2019-20 ‘ਚ ਦੇਸ਼ ‘ਚ 1 ਲੱਖ 20 ਹਜ਼ਾਰ ਟਨ ਸ਼ਹਿਦ ਦਾ ਉਤਪਾਦਨ ਹੋਇਆ ਸੀ।
ਇਲੈਕਟ੍ਰੋਨਿਕ ਰਿਕਾਰਡ ਸਿਸਟਮ ਤਿਆਰ ਕੀਤਾ ਜਾਵੇਗਾ
ਇਸ ਪ੍ਰਾਜੈਕਟ ਤਹਿਤ ਇਲੈਕਟ੍ਰੋਨਿਕ ਰਿਕਾਰਡ ਸਿਸਟਮ ਤਿਆਰ ਕੀਤਾ ਜਾਵੇਗਾ ਤਾਂ ਜੋ ਸ਼ਹਿਦ ਦੇ ਉਤਪਾਦਨ, ਪ੍ਰੋਸੈਸਿੰਗ ਤੇ ਵੰਡ ਵਰਗੇ ਸਾਰੇ ਪੱਧਰਾਂ ‘ਤੇ ਨਜ਼ਰ ਰੱਖੀ ਜਾ ਸਕੇ। 10 ਹਜ਼ਾਰ ਮਧੂ ਮੱਖੀ ਪਾਲਕ, ਪ੍ਰੋਸੈਸਰ ਅਤੇ ਵਪਾਰੀ ਰਾਸ਼ਟਰੀ ਮਧੂ ਮੱਖੀ ਬੋਰਡ ਕੋਲ ਰਜਿਸਟਰਡ ਹਨ।
ਬੋਰਡ ਦਾ ਕਹਿਣਾ ਹੈ ਕਿ ਨਿਗਰਾਨੀ ਪ੍ਰਣਾਲੀ ਦਾ ਦਾਇਰਾ ਵਧਾਇਆ ਜਾਵੇਗਾ ਤਾਂ ਜੋ ਦੇਸ਼ ‘ਚ ਸ਼ੁੱਧ ਸ਼ਹਿਦ ਦੀ ਵੰਡ ਹੋਵੇ। ਦੇਸ਼ ‘ਚ ਕਈ ਥਾਵਾਂ ‘ਤੇ ਸ਼ਹਿਦ ‘ਚ ਮਿਲਾਵਟ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਸਹੀ ਨਿਗਰਾਨੀ ਦੀ ਕਮੀ ਕਾਰਨ ਇਹ ਸ਼ਹਿਦ ਬਾਜ਼ਾਰ ‘ਚ ਆਉਂਦਾ ਹੈ। ਲੋੜੀਂਦੀ ਨਿਗਰਾਨੀ ਅਤੇ ਟ੍ਰੇਸਿਬਿਲਟੀ ਪ੍ਰਣਾਲੀਆਂ ਦੀ ਕਮੀ ਕਾਰਨ, ਇਹ ਜਾਣਨਾ ਮੁਸ਼ਕਲ ਹੁੰਦਾ ਹੈ ਕਿ ਕਿਸ ਪੱਧਰ ‘ਤੇ ਮਿਲਾਵਟ ਹੋ ਰਹੀ ਹੈ।