ਕਰਾਚੀ: ਜੰਮੂ–ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਖ਼ਫਾ ਹੈ। ਪਾਕਿਸਤਾਨ ਹਰ ਦਿਨ ਭਾਰਤ ਨੂੰ ਨਵੀਂ ਤੋਂ ਨਵੀਂ ਧਮਕੀ ਦੇ ਰਿਹਾ ਹੈ। ਹੁਣ ਪਾਕਿਸਤਾਨ ਨੇ ਇੱਕ ਵਾਰ ਫੇਰ ਆਪਣਾ ਏਅਰ ਸਪੇਸ ਇੰਟਰਨੈਸ਼ਨਲ ਉਡਾਣਾਂ ਲਈ ਬੰਦ ਕਰ ਦਿੱਤਾ ਹੈ। ਇਸ ਨਾਲ ਪਾਕਿਸਤਾਨ ਉੱਤੋਂ ਭਾਰਤ ਦੇ ਜਹਾਜ਼ ਨਹੀਂ ਉੱਡਣਗੇ। ਫਿਲਹਾਲ ਪਾਕਿ ਨੇ ਕਰਾਚੀ ਏਅਰਪੋਰਟ ‘ਤੇ ਤਿੰਨ ਰੂਟ 31 ਅਗਸਤ ਤਕ ਬੰਦ ਕੀਤੇ ਹਨ।
ਪਾਕਿਸਤਾਨ ਦੇ ਟੀਵੀ ਚੈਨਲ ਨੇ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਨੇ ਕਰਾਚੀ ਏਅਰਪੋਰਟ ਦੇ ਜੋ ਤਿੰਨ ਰੂਟ ਬੰਦ ਕੀਤੇ ਹਨ, ਉਹ ਅੱਜ ਯਾਨੀ 28 ਅਗਸਤ ਤੋਂ 31 ਅਗਸਤ ਤਕ ਲਈ ਬੰਦ ਹੋਣਗੇ। ਪਾਕਿਸਤਾਨ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਲਈ ਨੋਟਿਸ ਵੀ ਕੱਢ ਦਿੱਤਾ ਹੈ। ਸਿਵਲ ਐਵੀਏਸ਼ਨ ਅਥਾਰਟੀ ਦੇ ਇਸ ਨੋਟਿਸ ‘ਚ ਰੂਟ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੈਬਨਿਟ ਬੈਠਕ ‘ਚ ਮੰਤਰੀ ਫਵਾਦ ਚੌਧਰੀ ਨੇ ਕੱਲ੍ਹ ਹੀ ਭਾਰਤ ਲਈ ਏਅਰ ਸਪੇਸ ਬੰਦ ਕਰਨ ਦੀ ਧਮਕੀ ਦਿੱਤੀ ਸੀ।
ਪਾਕਿ ਦੇ ਸਾਇੰਸ ਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਕਿਹਾ ਸੀ, “ਪ੍ਰਧਾਨ ਮੰਤਰੀ ਭਾਰਤ ਲਈ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਵਿਚਾਰ ਕਰ ਰਹੇ ਹਨ। ਅਫ਼ਗਾਨਿਸਤਾਨ ‘ਚ ਵਪਾਰ ਕਰਨ ਲਈ ਭਾਰਤ ਪਾਕਿਸਤਾਨ ਦੀ ਜਿਸ ਸੜਕ ਦਾ ਇਸਤੇਮਾਲ ਕਰਦਾ ਹੈ, ਉਸ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੈਬਨਿਟ ਮੀਟਿੰਗ ‘ਚ ਇਨ੍ਹਾਂ ਸਾਰੇ ਫੈਸਲਿਆਂ ਦੇ ਕਾਨੂੰਨੀ ਪਹਿਲੂਆਂ ‘ਤੇ ਵੀ ਮਸ਼ਵਰਾ ਕੀਤਾ ਗਿਆ। ਮੋਦੀ ਨੇ ਸ਼ੁਰੂ ਕੀਤਾ ਹੈ ਅਸੀਂ ਖ਼ਤਮ ਕਰਾਂਗੇ।”