ਤਹਿਰਾਨ: ਆਪਣੇ ਇੱਕ ਚੋਟੀ ਦੇ ਪ੍ਰਮਾਣੂ ਵਿਗਿਆਨੀ ਫ਼ਖ਼ਰੀਜ਼ਾਦੇਹ ਦੇ ਕਤਲ ਤੋਂ ਭੜਕਿਆ ਇਰਾਨ ਹੁਣ ਬਦਲਾ ਲੈਣ ’ਤੇ ਉਤਾਰੂ ਹੋ ਚੁੱਕਾ ਹੈ। ਦੇਸ਼ ਦੇ ਸੁਪਰੀਮ ਆਗੂ ਅਯਾਤਉੱਲ੍ਹਾ ਖੋਮੇਨੀ ਦੇ ਸੀਨੀਅਰ ਸਲਾਹਕਾਰ ਕਮਾਲ ਖ਼ਰਾਜੀ ਨੇ ਕਿਹਾ ਹੈ ਕਿ ਇਰਾਨ ਇਸ ਹੱਤਿਆ ਦਾ ਬਹੁਤ ਢੁਕਵਾਂ ਤੇ ਫ਼ੈਸਲਾਕੁਨ ਜਵਾਬ ਦੇਵੇਗਾ।
ਉੱਧਰ ਇੱਕ ਕੱਟੜਪੰਥੀ ਅਖ਼ਬਾਰ ‘ਕੇਹਾਨ’ ਨੇ ਆਪਣੇ ਇੱਕ ਲੇਖ ਰਾਹੀਂ ਸੁਝਾਅ ਦਿੱਤਾ ਹੈ ਕਿ ਜੇ ਇਜ਼ਰਾਇਲ ਨੇ ਪ੍ਰਮਾਣੂ ਵਿਗਿਆਨੀ ਦਾ ਕਤਲ ਕੀਤਾ ਹੈ, ਤਾਂ ਇਰਾਨ ਨੂੰ ਇਜ਼ਰਾਇਲੀ ਬੰਦਰਗਾਹ ਸ਼ਹਿਰ ਹਾਇਫ਼ਾ ਉੱਤੇ ਹਮਲਾ ਕਰ ਦੇਣਾ ਚਾਹੀਦਾ ਹੈ। ‘ਇਹ ਹਮਲਾ ਅਜਿਹਾ ਹੋਣਾ ਚਾਹੀਦਾ ਹੈ ਕਿ ਉਸ ਨਾਲ ਨਾ ਸਿਰਫ਼ ਇਜ਼ਰਾਇਲ ਦੇ ਰੱਖਿਆ ਟਿਕਾਣਿਆਂ ਨੂੰ ਨੁਕਸਾਨ ਪੁੱਜੇ, ਸਗੋਂ ਭਾਰੀ ਜਾਨੀ ਨੁਕਸਾਨ ਵੀ ਹੋਵੇ।’
ਇਜ਼ਰਾਇਲ ਤੇ ਪੱਛਮੀ ਦੇਸ਼ ਵਿਗਿਆਨੀ ਫ਼ਖ਼ਰੀਜ਼ਾਦੇਹ ਨੂੰ Fਰਾਨ ਦੇ ਗੁਪਤ ਪ੍ਰਮਾਣੂ ਹਥਿਆਰਾਂ ਦਾ ਮਾਸਟਰਮਾਈਂਡ ਮੰਨਦਾ ਰਿਹਾ ਹੈ। ਬੀਤੇ ਸ਼ੁੱਕਰਵਾਰ ਨੂੰ ਤਹਿਰਾਨ ਲਾਗੇ ਘਾਤ ਲਾ ਕੇ ਕੀਤੇ ਹਮਲੇ ਵਿੱਚ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ। ਇਰਾਨ ਇਸ ਕਤਲ ਦਾ ਦੋਸ਼ ਇਜ਼ਰਾਇਲ ਸਿਰ ਮੜ੍ਹ ਰਿਹਾ ਹੈ। ਸਾਲ 2010 ਤੋਂ ਇਰਾਨ ਦੇ ਕਈ ਪ੍ਰਮਾਣੂ ਵਿਗਿਆਨੀਆਂ ਦੇ ਕਤਲ ਹੋ ਚੁੱਕੇ ਹਨ ਤੇ ਹਰ ਵਾਰ ਦੋਸ਼ ਇਜ਼ਰਾਇਲ ’ਤੇ ਲੱਗਦਾ ਰਿਹਾ ਹੈ।
ਉੱਧਰ ਸੀਰੀਆ ਨੇ ਵੀ ਵਿਗਿਆਨੀ ਦੇ ਕਤਲ ਦੇ ਮਾਮਲੇ ’ਚ ਇਰਾਨ ਦੀ ਸੁਰ ਨਾਲ ਸੁਰ ਮਿਲਾਇਆ ਹੈ। ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲ-ਬੁਸੈਦੀ ਨੇ ਵੀ ਇਰਾਨ ਦੇ ਵਿਦੇਸ਼ ਮੰਤਰੀ ਨੂੰ ਫ਼ੋਨ ਕਰ ਕੇ ਵਿਗਿਆਨੀ ਦੇ ਕਤਲ ਉੱਤੇ ਸੋਗ ਪ੍ਰਗਟਾਇਆ। ਇਸ ਦੌਰਾਨ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰੌਬ ਨੇ ਪ੍ਰਮਾਣੂ ਵਿਗਿਆਨੀ ਦੇ ਕਤਲ ਤੋਂ ਬਾਅਦ ਈਰਾਨ ਤੇ ਆਲੇ-ਦੁਆਲੇ ਦੇ ਖੇਤਰ ਦੀ ਸਥਿਤੀ ਉੱਤੇ ਚਿੰਤਾ ਪ੍ਰਗਟਾਈ ਹੈ।